ਵਾਸ਼ਿੰਗਟਨ (ਏਜੰਸੀ) : ਅਮਰੀਕਾ 'ਚ ਦੂਜੇ ਦੌਰ ਦੇ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਇਸ ਵਾਰ ਲਾਸ ਏਂਜਲਸ ਇਸ ਦਾ ਕੇਂਦਰ ਬਣਦਾ ਦਿਖਾਈ ਦੇ ਰਿਹਾ ਹੈ। ਇੱਥੇ ਨਾ ਸਿਰਫ਼ ਇਕ ਦਿਨ 'ਚ ਰਿਕਾਰਡ ਗਿਣਤੀ 'ਚ ਮਰੀਜ਼ ਮਿਲੇ ਹਨ ਬਲਕਿ ਹਸਪਤਾਲ 'ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਇਕੱਲੇ ਲਾਸ ਏਂਜਲਸ ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਨਫੈਕਸ਼ਨ ਨੂੰ ਦੇਖਦਿਆਂ ਲਾਸ ਏਂਜਲਸ ਦੇ ਮੇਅਰ ਨੇ ਫਿਲਮ, ਸਿਨੇਮਾ ਘਰਾਂ, ਥੀਮ ਪਾਰਕਾਂ ਤੇ ਹੋਰ ਮਨੋਰੰਜਨ ਸਥਾਨਾਂ ਨੂੰ ਖੋਲ੍ਹੇ ਜਾਣ ਦਾ ਫੈਸਲਾ ਟਾਲ ਦਿੱਤਾ ਹੈ।

ਦੂਜੇ ਦੌਰ ਦੇ ਇਨਫੈਕਸ਼ਨ ਦਾ ਅਸਰ ਅਮਰੀਕਾ ਦੇ ਦੂਜੇ ਸੂਬਿਆਂ ਫਲੋਰੀਡਾ, ਟੈਕਸਾਸ ਤੇ ਐਰੀਜੋਨਾ 'ਚ ਦਿਖਾਈ ਦੇ ਰਿਹਾ ਹੈ। ਐਰੀਜੋਨਾ ਦੇ ਗਵਰਨਰ ਨੇ ਬਾਰ, ਨਾਈਟ ਕਲੱਬ, ਜਿਮ ਤੇ ਮੂਵੀ ਥੀਏਟਰ ਤੇ ਵਾਟਰ ਪਾਰਕ ਅਗਲੇ 30 ਦਿਨਾਂ ਤਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਸਕੂਲ ਖੋਲ੍ਹਣ 'ਤੇ 17 ਅਗਸਤ ਤਕ ਰੋਕ ਲਗਾ ਦਿੱਤੀ ਹੈ। ਟੈਕਸਾਸ ਤੇ ਫਲੋਰੀਡਾ 'ਚ ਬਾਰ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਨਿਊਜਰਸੀ ਨੇ ਮੰਗਲਵਾਰ ਤੋਂ ਰੈਸਟੋਰੈਂਟਾਂ ਦੇ ਅੰਦਰ ਬੈਠ ਕੇ ਖਾਣ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਤਲ ਲਈ ਟਾਲ ਦਿੱਤਾ ਹੈ। ਕਨਸਾਸ ਨੇ ਸਾਰੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਾ ਕੇ ਜਾਣ ਨੂੰ ਕਿਹਾ ਹੈ। ਓਧਰ ਕੋਰੋਨਾ ਟਾਸਕ ਫੋਰਸ ਦੇ ਮੁਖੀ ਡੇਬ੍ਰੋਹ ਬਿ੍ਕਸ ਨੇ ਟੈਸਟਿੰਗ ਵਧਾਉਣ ਦੀ ਮੰਗ ਕੀਤੀ ਹੈ।

ਮਾਸਕ ਪਾਉਣ ਦੇ ਕਾਰਜਕਾਰੀ ਹੁਕਮ 'ਤੇ ਹਸਤਾਖਰ ਕਰੇ ਟਰੰਪ

ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਰਾਸ਼ਟਰਪਤੀ ਡੋਨਾਲਟ ਟਰੰਪ ਨੂੰ ਬੇਨਤੀ ਕੀਤੀ ਹੈ ਕਿ ਉਹ ਮਹਾਮਾਰੀ ਦੌਰਾਨ ਮਾਸਕ ਪਾਉਣ ਦੇ ਕਾਰਜਕਾਰੀ ਹੁਕਮ 'ਤੇ ਹਸਤਾਖਰ ਕਰਨ। ਏਨਾ ਹੀ ਨਹੀਂ ਉਨ੍ਹਾਂ ਆਪ ਮਾਸਕ ਪਾ ਕੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਪ੍ਰੈਸ ਕਾਨਫਰੰਸ ਦੌਰਾਨ ਕੁਓਮੋ ਨੇ ਕਿਹਾ ਕਿ ਇਹ ਅਮਰੀਕਾ ਨੂੰ ਜਗਾਉਣ ਦਾ ਸਮਾਂ ਹੈ। ਫਿਲਹਾਲ ਅਸੀਂ ਇਕ ਰਾਸ਼ਟਰ ਦੇ ਰੂਪ 'ਚ ਅਜਿਹੀ ਥਾਂ ਖੜ੍ਹੇ ਹਾਂ, ਜਿੱਥੇ ਅਸੀਂ ਅਜੇ ਤਕ ਲੋਕਾਂ ਨੂੰ ਨਹੀਂ ਕਿਹਾ ਕਿ ਤੁਸੀਂ ਜਨਤਕ ਥਾਵਾਂ 'ਤੇ ਜਾਂਦੇ ਸਮੇਂ ਮਾਸਕ ਪਾ ਕੇ ਰੱਖੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੋੜ 'ਤੇ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਕਾਹਲ ਨਾਲ ਅਰਥਵਿਵਸਥਾ ਨੂੰ ਮਦਦ ਨਹੀਂ ਮਿਲੇਗੀ। ਇਹ ਇਕ ਸਮਾਰਟ ਨੀਤੀ ਨਹੀਂ ਹੈ।

ਇੰਗਲੈਂਡ ਦੇ ਲੀਸੈਸਟਰ 'ਚ ਮੁੜ ਲਾਕਡਾਊਨ

ਇੰਗਲੈਂਡ 'ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਨੂੰ ਦੇਖਦਿਆਂ ਇੰਗਲੈਂਡ ਦੇ ਈਸਟ ਮਿਡਲੈਂਡ ਏਰੀਆ ਲੀਸੈਸਟਰ 'ਚ ਮੁੜ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲੀਸੈਸਟਰ 'ਚ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਤੇ ਇੱਥੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਲੀਸੈਸਟਰ 'ਚ ਗ਼ੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ 15 ਜੂਨ ਨੂੰ ਖੋਲ੍ਹੀਆਂ ਗਈਆਂ ਸਨ ਤੇ ਹੁਣ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ। ਚੋਣਵੀਆਂ ਕਲਾਸਾਂ ਲਈ ਸਕੂਲ ਪਹਿਲੀ ਜੂਨ ਤੋਂ ਖੋਲ੍ਹੇ ਗਏ ਸਨ, ਪਰ ਹੁਣ ਨਵੇਂ ਹੁਕਮ ਤੋਂ ਬਾਅਦ ਵੀਰਵਾਰ ਤੋਂ ਸਕੂਲ ਬੰਦ ਹੋ ਜਾਣਗੇ। ਸਿਹਤ ਮੰਤਰੀ ਮੈਟ ਹੈਨਕਾਕ ਨੇ ਦੱਸਿਆ ਕਿ ਲੀਸੈਸਟਰ 'ਚ ਦੇਸ਼ ਦੇ ਕੁਲ ਮਰੀਜ਼ਾਂ ਦੇ 10 ਫ਼ੀਸਦੀ ਲੋਕ ਇਨਫੈਕਟਿਡ ਹਨ ਤੇ ਅਸੀਂ ਲਾਕਡਾਊਨ ਦੀ ਅਗਲੇ ਦੋ ਹਫ਼ਤੇ ਤਕ ਸਮੀਖਿਆ ਕਰਾਂਗੇ।

ਮੈਲਬੌਰਨ ਦੇ 36 ਇਲਾਕਿਆਂ 'ਚ ਮੁੜ ਲਾਕਡਾਊਨ

ਸਥਾਨਕ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਲਬੌਰਨ ਦੇ 36 ਇਲਾਕਿਆਂ 'ਚ ਚਾਰ ਹਫ਼ਤਿਆਂ ਲਈ ਸਖ਼ਤ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਹ ਨਵੀਆਂ ਪਾਬੰਦੀਆਂ ਉਦੋਂ ਲਾਗੂ ਕੀਤੀਆਂ ਗਈਆਂ ਹਨ ਜਦੋਂ ਹੋਰ ਸੂਬੇ ਦੇਸ਼ ਦੇ ਦੂਜੇ ਹਿੱਸਿਆਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਰਿਆਇਤ ਦੇਣ ਦਾ ਐਲਾਨ ਕਰ ਰਹੇ ਹਨ। ਇਨ੍ਹਾਂ ਇਲਾਕਿਆਂ 'ਚ ਰੈਸਟੋਰੈਂਟਾਂ ਦੇ ਅੰਦਰ ਬੈਠ ਕੇ ਖਾਣ ਦੀ ਛੋਟ ਵੀ ਵਾਪਸ ਲੈ ਲਈ ਗਈ ਹੈ।