ਨਿਊਯਾਰਕ (ਏਜੰਸੀ) : ਅਮਰੀਕਾ 'ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਤਗੜਾ ਝਟਕਾ ਲੱਗਿਆ ਹੈ। ਕੇਂਟਰੀ ਸੂਬੇ 'ਚ ਗਵਰਨਰ ਦੀ ਕੁਰਸੀ ਗਰਵਾਉਣ ਦੇ ਨਾਲ ਹੀ ਪਾਰਟੀ ਨੂੰ ਵਰਜੀਨੀਆ ਦੀ ਵਿਧਾਨ ਸਭਾ 'ਚ ਵੀ ਜ਼ਬਰਦਸਤ ਨੁਕਸਾਨ ਹੋਇਆ ਹੈ। ਕੇਂਟਕੀ 'ਚ ਗਵਰਨਰ ਦੇ ਅਹੁਦੇ ਮੁੜ ਚੋਣ ਲੜ ਰਹੇ ਰਿਪਬਲਿਕਨ ਪਾਰਟੀ ਦੇ ਮੈਟ ਬੇਵੀਨ ਨੂੰ 5100 ਵੋਟਾਂ ਦੇ ਫ਼ਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੇ ਇੱਥੇ 30 ਫ਼ੀਸਦੀ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਬੇਵੀਨ ਦੀ ਹਾਰ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਟਰੰਪ ਨੇ ਉਨ੍ਹਾਂ ਦਾ ਚੋਣ ਪ੍ਰਚਾਰ ਕੀਤਾ ਸੀ।

ਵਰਜੀਨੀਆ ਦੀ ਵਿਧਾਨ ਸਭਾ ਦੇ ਹੇਠਲੇ ਤੇ ਉੱਚ ਸਦਨ ਦੋਵਾਂ 'ਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਸ ਕਾਰਨ ਕਈ ਦਹਾਕਿਆਂ ਬਾਅਦ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਨੇ ਸੂਬੇ ਦੀ ਵਿਧਾਨ ਸਭਾ 'ਚ ਬਹੁਮਤ ਹਾਸਲ ਕਰ ਲਿਆ ਹੈ। ਡੈਮੋਕ੍ਰੇਟਿਕ ਨੇਤਾ ਰਾਲਫ ਨਾਰਥਹਮ ਪਹਿਲਾਂ ਹੀ ਸੂਬੇ ਦੇ ਗਵਰਨਰ ਦੇ ਅਹੁਦੇ 'ਤੇ ਸਨ। ਇਨ੍ਹਾਂ ਨਾਕਾਮੀਆਂ ਦੌਰਾਨ ਸੱਤਾਧਾਰੀ ਰਿਪਬਲਿਕਨ ਪਾਰਟੀ ਮਿਸੀਸਿਪੀ 'ਚ ਗਵਰਨਰ ਦਾ ਅਹੁਦਾ ਬਚਾਉਣ 'ਚ ਕਾਮਯਾਬ ਰਹੀ। ਲੈਫਟੀਨੈਂਟ ਗਵਰਨਰ ਟੇਟ ਵਿਰਸ ਛੇ ਫ਼ੀਸਦੀ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰ ਕੇ ਮੁੜ ਵਾਪਸੀ ਕਰਨ 'ਚ ਕਾਮਯਾਬ ਹੋਏ।

ਟਰੰਪ ਨੂੰ ਅਸ਼ਲੀਲ ਇਸ਼ਾਰਾ ਕਰਨ ਵਾਲੀ ਸਾਇਕਲਿਸਟ ਨੇ ਜਿੱਤੀ ਚੋਣ

ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਸ਼ਲੀਲ ਇਸ਼ਾਰਾ ਕਰਨ ਵਾਲੀ ਸਾਈਕਲਿਸਟ ਜੂਲੀ ਬਿ੍ਸਕਮੈਨ ਨੇ ਵਰਜੀਨੀਆ 'ਚ ਸਥਾਨਕ ਚੋਣ ਜਿੱਤ ਲਈ ਹੈ। ਟਰੰਪ ਨੂੰ ਮਿਡਿਲ ਫਿੰਗਰ ਦਿਖਾਉਂਦੀ ਉਨ੍ਹਾਂ ਦੀ ਤਸਵੀਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਰਕੀਟਿੰਗ ਮਾਹਰ ਦੀ ਨੌਕਰੀ ਗੁਆਉਣੀ ਪਈ ਸੀ। ਦੋ ਬੱਚਿਆਂ ਦੀ ਮਾਂ ਜੂਲੀ ਨੇ ਲਾਊਡਟਾਊਨ ਕਾਉਂਟੀ 'ਚ ਬੋਰਡ ਆਫ ਸੁਪਰਵਾਈਜ਼ਰ ਲਈ ਡੈਮੋਕ੍ਰੇਟਿਕ ਪਾਰਟੀ ਵੱਲੋ ਚੋਣ ਲੜੀ ਸੀ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਆਪਣੇ ਮੁਕਾਬਲੇਬਾਜ਼ 'ਤੇ ਜਿੱਤ ਦਰਜ ਕੀਤੀ ਹੈ।