ਵਾਸ਼ਿੰਗਟਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਸਨਸਨੀਖ਼ੇਜ ਬਿਆਨ ਦਿੱਤਾ ਹੈ। ਅਮਰੀਕਾ ਦੌਰੇ 'ਤੇ ਗਏ ਪਾਕਿ ਪੀਐੱਮ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ 'ਚ 40 ਵੱਖ-ਵੱਖ ਅੱਤਵਾਦੀ ਸਮੂਹ ਕੰਮ ਕਰ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੀ ਜਾਣਕਾਰੀ ਪਹਿਲਾਂ ਦੀਆਂ ਸਰਕਾਰਾਂ ਨੇ ਅਮਰੀਕਾ ਨੂੰ ਨਹੀਂ ਦਿੱਤੀ। ਇਮਰਾਨ ਖ਼ਾਨ ਨੇ ਨਾਲ ਹੀ ਕਿਹਾ ਕਿ ਪਿਛਲੇ 15 ਸਾਲ ਤੋਂ ਪਾਕਿਸਤਾਨ, ਅਮਰੀਕਾ ਨੂੰ ਗੁੰਮਰਾਹ ਕਰਦਾ ਰਿਹਾ ਹੈ।

ਇਮਰਾਨ ਖ਼ਾਨ ਨੇ ਅੱਗੇ ਕਿਹਾ, 'ਅਸੀਂ ਅੱਤਵਾਦ ਖ਼ਿਲਾਫ਼ ਅਮਰੀਕੀ ਯੁੱਧ ਲੜ ਰਹੇ ਸਨ। ਪਾਕਿਸਤਾਨ ਦਾ 9/11 ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਲਕਾਇਦਾ ਅਫ਼ਗਾਨਿਸਤਾਨ 'ਚ ਸੀ। ਪਾਕਿਸਤਾਨ 'ਚ ਕੋਈ ਅੱਤਵਾਦੀ ਤਾਲਿਬਾਨ ਨਹੀਂ ਸੀ। ਪਰ ਅਸੀਂ ਅਮਰੀਕੀ ਯੁੱਧ 'ਚ ਸ਼ਾਮਲ ਹੋ ਗਏ। ਬਦਕਿਮਸਤੀ ਨਾਲ ਜਦੋ ਚੀਜ਼ਾਂ ਗ਼ਲਤ ਹੋਈਆਂ, ਜਿੱਥੇ ਮੈਂ ਆਪਣੀ ਸਰਕਾਰ ਨੂੰ ਦੋਸ਼ੀ ਮੰਨਦਾ ਹਾਂ, ਅਸੀਂ ਅਮਰੀਕਾ ਨੂੰ ਸੱਚਾਈ ਨਹੀਂ ਦੱਸੀ। ਇਸ ਦਾ ਕਾਰਨ ਇਹ ਸੀ ਕਿ ਸਾਡੀਆਂ ਸਰਕਾਰਾਂ ਨਿਯੰਤਰਣ 'ਚ ਨਹੀਂ ਸਨ। ਪਾਕਿਸਤਾਨ 'ਚ 40 ਵੱਖ-ਵੱਖ ਅੱਤਵਾਦੀ ਸਮੂਹ ਚੱਲ ਰਹੇ ਸਨ।

'ਪੁਲਵਾਮਾ' 'ਤੇ ਇਮਰਾਨ ਖ਼ਾਨ ਦਾ ਝੂਠ

ਇਕ ਪਾਸੇ ਪਾਕਿਸਤਾਨ 'ਚ 40 ਅੱਤਵਾਦੀਆਂ ਦੇ ਸਰਗਰਮ ਹੋਣ ਦੀ ਗੱਲ ਇਮਰਾਨ ਖ਼ਾਨ ਨੇ ਕਬੂਲੀ ਹੈ ਤਾਂ ਉੱਥੇ ਹੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੁਲਵਾਮਾ ਸਬੰਧੀ ਝੂਠ ਬੋਲਿਆ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਨੂੰ ਕਸ਼ਮੀਰ ਦੇ ਸਥਾਨਕ ਨੌਜਵਾਨ ਨੇ ਅੰਜਾਮ ਦਿੱਤਾ ਸੀ। ਇਸ ਨਾਲ ਪਾਕਿਸਤਾਨ ਦਾ ਕੋਈ ਸਬੰਧ ਨਹੀਂ ਹੈ। ਦੱਸ ਦੇਈਏ ਕਿ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਇਮਰਾਨ ਖ਼ਾਨ ਨੇ ਇਸ 'ਤੇ ਵੀ ਗ਼ਲਤ ਬਿਆਨ ਦਿੱਤਾ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ 'ਚ ਸਰਗਰਮ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

Posted By: Akash Deep