ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ (ਯੂਐੱਨ) ਦੀ ਮਨੁੱਖੀ ਅਧਿਕਾਰ ਏਜੰਸੀ ਨੇ ਜੰਗੀ ਅਪਰਾਧ ਦੇ ਮਾਮਲਿਆਂ ਵਿਚ ਤਿੰਨ ਅਮਰੀਕੀ ਫ਼ੌਜੀਆਂ ਦੀ ਸਜ਼ਾ ਮਾਫ਼ੀ ਨੂੰ ਕੌਮਾਂਤਰੀ ਕਾਨੂੰਨ ਖ਼ਿਲਾਫ਼ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਹਫ਼ਤੇ ਦੋ ਫ਼ੌਜੀ ਅਧਿਕਾਰੀਆਂ ਨੂੰ ਮਾਫ਼ੀ ਦੇ ਦਿੱਤੀ ਸੀ, ਜਦਕਿ ਤੀਜੇ ਦੇ ਡਿਮੋਸ਼ਨ ਆਦੇਸ਼ ਨੂੰ ਪਲਟ ਦਿੱਤਾ ਸੀ।

ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ, ਲੈਫਟੀਨੈਂਟ ਕਲਾਇੰਟ ਲਾਰੈਂਸ ਨੂੰ 2013 ਵਿਚ ਨਿਹੱਥੇ ਅਫ਼ਗਾਨ ਨਾਗਰਿਕਾਂ 'ਤੇ ਗੋਲ਼ੀ ਚਲਾਉਣ ਦਾ ਆਦੇਸ਼ ਦੇਣ ਦੇ ਮਾਮਲੇ ਵਿਚ 20 ਸਾਲ ਜੇਲ੍ਹ ਦੀ ਸਜ਼ਾ ਮਿਲੀ ਸੀ। ਬੀਤੇ ਸ਼ੁੱਕਰਵਾਰ ਨੂੰ ਲਾਰੈਂਸ ਦੀ ਪੂਰੀ ਸਜ਼ਾ ਮਾਫ਼ ਕਰ ਦਿੱਤੀ ਗਈ। ਮੇਜਰ ਮੈਥਿਊ ਗੋਲਸਟੀਨ 'ਤੇ 2010 ਵਿਚ ਇਕ ਨਿਹੱਥੇ ਅਫ਼ਗਾਨ ਨਾਗਰਿਕ ਨੂੰ ਮੌਤ ਦੇ ਘਾਟ ਉਤਾਰਨ ਦਾ ਦੋਸ਼ ਹੈ। ਇਸ ਮਾਮਲੇ ਵਿਚ ਮੈਥਿਊ 'ਤੇ ਅਗਲੇ ਸਾਲ ਫਰਵਰੀ ਵਿਚ ਮੁਕੱਦਮਾ ਸ਼ੁਰੂ ਹੋਣ ਵਾਲਾ ਸੀ, ਜਦਕਿ ਫ਼ੌਜ ਦੇ ਇਕ ਹੋਰ ਅਧਿਕਾਰੀ ਐਡਵਰਡ ਗੈਲਘਰ 'ਤੇ ਇਰਾਕ ਵਿਚ ਇਕ ਬੰਧਕ ਦੀ ਹੱਤਿਆ ਦਾ ਦੋਸ਼ ਸੀ। ਇਸ ਮਾਮਲੇ ਵਿਚ ਐਡਵਰਡ ਨੂੰ ਬਰੀ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦਾ ਡਿਮੋਸ਼ਨ ਕਰ ਦਿੱਤਾ ਗਿਆ ਸੀ।

ਟਰੰਪ ਨੇ ਸ਼ੁੱਕਰਵਾਰ ਨੂੰ ਆਦੇਸ਼ ਦਿੱਤਾ ਸੀ ਕਿ ਉਨ੍ਹਾਂ ਦੇ ਰੈਂਕ ਨੂੰ ਬਹਾਲ ਕਰ ਦਿੱਤਾ ਜਾਵੇ। ਇਨ੍ਹਾਂ ਖ਼ਬਰਾਂ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਦੇ ਬੁਲਾਰੇ ਰੂਪਰਟ ਕੋਲਵਿਲੇ ਨੇ ਮੰਗਲਵਾਰ ਨੂੰ ਜਨੇਵਾ 'ਚ ਕਿਹਾ, ਇਸ ਤਰ੍ਹਾਂ ਦੀ ਮਾਫ਼ੀ ਨਾਲ ਪੂਰੀ ਦੁਨੀਆ ਦੇ ਫ਼ੌਜੀ ਬਲਾਂ ਲਈ ਗ਼ਲਤ ਸੰਦੇਸ਼ ਗਿਆ ਹੈ। ਇਹ ਤਿੰਨੇ ਮਾਮਲੇ ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਵਿਚ ਸ਼ਾਮਲ ਹਨ।'