ਵਾਸ਼ਿੰਗਟਨ (ਏਐੱਫਪੀ) : ਅਮਰੀਕਾ 'ਚ ਕੋਰੋਨਾ ਮਹਾਮਾਰੀ ਕਾਰਨ ਗਰਭਵਤੀ ਔਰਤਾਂ ਚਿੰਤਾ 'ਚ ਹਨ। ਉਨ੍ਹਾਂ ਵਿਚੋਂ ਕੁਝ 'ਚ ਇਹ ਡਰ ਬੈਠ ਗਿਆ ਹੈ ਕਿ ਹਸਪਤਾਲਾਂ 'ਚ ਜਣੇਪੇ ਨਾਲ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ। ਉਹ ਜਣੇਪੇ ਲਈ ਆਪਣੇ ਘਰ ਨੂੰ ਜ਼ਿਆਦਾ ਸੁਰੱਖਿਅਤ ਮੰਨਦੀਆਂ ਹਨ।

ਦੁਨੀਆ 'ਚ ਇਸ ਸਮੇਂ ਅਮਰੀਕਾ ਕੋਰੋਨਾ ਇਨਫੈਕਸ਼ਨ ਦਾ ਹਾਟ-ਸਪਾਟ ਬਣਿਆ ਹੈ। ਸਭ ਤੋਂ ਜ਼ਿਆਦਾ ਕੋਰੋਨਾ ਪੀੜਤ ਇਸੇ ਦੇਸ਼ 'ਚ ਹਨ। ਹਾਲਾਤ ਅਜਿਹੇ ਹਨ ਕਿ ਕਈ ਸ਼ਹਿਰਾਂ ਦੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ। ਇਸ ਹਾਲਤ ਨੂੰ ਦੇਖਦੇ ਹੋਏ ਗਰਭਵਤੀ ਔਰਤਾਂ ਹਸਪਤਾਲਾਂ 'ਚ ਬੱਚੇ ਨੂੰ ਜਨਮ ਦੇਣ ਤੋਂ ਕਤਰਾਉਣ ਲੱਗੀਆਂ ਹਨ। ਨਾਰਥ ਕੈਰੋਲੀਨਾ 'ਚ ਰਹਿਣ ਵਾਲੀ ਸੱਤ ਮਹੀਨਿਆਂ ਦੀ ਗਰਭਵਤੀ 32 ਸਾਲਾ ਜੀਨਾ ਕਾਨਲੀ ਨੇ ਕਿਹਾ, 'ਮੈਂ ਹਸਪਤਾਲ 'ਚ ਨਹੀਂ ਜਾਣਾ ਚਾਹੁੰਦੀ, ਜਿੱਥੇ ਕੋਰੋਨਾ ਵਾਇਰਸ ਤੋਂ ਪੀੜਤ ਬਹੁਤ ਸਾਰੇ ਲੋਕ ਤੇ ਸਟਾਫ ਹਨ। ਇਸ ਲਈ ਘਰ 'ਚ ਜਣੇਪੇ ਲਈ ਮੈਡੀਕਲ ਸੇਵਾਵਾਂ 'ਤੇ ਹੋਣ ਵਾਲੇ ਚਾਰ ਹਜ਼ਾਰ ਡਾਲਰ (ਲਗਪਗ ਤਿੰਨ ਲੱਖ ਰੁਪਏ) ਦਾ ਖਰਚਾ ਕਰਾਂਗੀ।'

ਬਾਲਟੀਮੋਰ ਸ਼ਹਿਰ 'ਚ ਰਹਿਣ ਵਾਲੀ 35 ਸਾਲ ਦੀ ਡਾਟਾ ਮਾਹਿਰ ਏਸ਼ਲੇ ਏਸਪੋਸਿਟੋ ਨੇ ਕਿਹਾ, 'ਮੈਂ ਇਕ ਅਰਜ਼ੀ ਫਾਰਮ 'ਤੇ ਦਸਤਖ਼ਤ ਕਰਨ ਵਾਲੇ ਉਨ੍ਹਾਂ 1300 ਲੋਕਾਂ 'ਚ ਸ਼ਾਮਲ ਹਾਂ, ਜਿਨ੍ਹਾਂ ਨੇ ਮੈਰੀਲੈਂਡ ਸੂਬੇ ਦੀ ਸਿਹਤ ਬੀਮਾ ਕੰਪਨੀਆਂ ਤੋਂ ਘਰ 'ਚ ਬੱਚੇ ਦੇ ਜਨਮ ਲਈ ਬਿਹਤਰ ਕਵਰੇਜ ਦੇਣ ਦੀ ਮੰਗ ਕੀਤੀ ਹੈ।' ਇਸੇ ਤਰ੍ਹਾਂ ਅਲਾਸਕਾ ਦੀ 3 ਸਾਲਾ ਜਾਰਡਨ ਪੇਰੇਜ ਨੇ ਵੀ ਘਰ 'ਤੇ ਹੀ ਆਪਣੇ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਕੀਤਾ ਹੈ।

ਕੋਰੋਨਾ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਅਫਰੀਕੀ-ਅਮਰੀਕੀ

ਕੋਰੋਨਾ ਵਾਇਰਸ ਲੋਕਾਂ ਨੂੰ ਸ਼ਿਕਾਰ ਬਣਾਉਣ 'ਚ ਕੋਈ ਭੇਦਭਾਵ ਨਹੀਂ ਕਰਦਾ ਪਰ ਅਮਰੀਕਾ ਦੇ ਕਈ ਸੂਬਿਆਂ ਦੇ ਡਾਟਾ ਤੋਂ ਜਾਹਿਰ ਹੁੰਦਾ ਹੈ ਕਿ ਅਫਰੀਕੀ ਮੂਲ ਦੇ ਅਮਰੀਕੀ ਮਹਾਮਾਰੀ ਦੀ ਲਪੇਟ 'ਚ ਜ਼ਿਆਦਾ ਆ ਰਹੇ ਹਨ। ਮਾਹਿਰਾਂ ਨੇ ਇਸ ਲਈ ਗ਼ਰੀਬੀ ਤੇ ਸਿਹਤ ਦੇਖਭਾਲ 'ਚ ਭੇਦਭਾਵ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਦੇ ਚੋਟੀ ਦੇ ਡਾਕਟਰਾਂ 'ਚ ਸ਼ਾਮਲ ਸਰਜਨ ਜਨਰਲ ਜੇਰੋਮ ਐਡਮਸ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਅਫਰੀਕੀ-ਅਮਰੀਕੀ ਲੋਕਾਂ 'ਚ ਡਾਇਬਟੀਜ਼, ਦਿਲ ਦੇ ਰੋਗ ਤੇ ਫੇਫੜਿਆਂ ਦੇ ਰੋਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਗ਼ਰੀਬੀ ਨਾਲ ਜੁੜੀਆਂ ਬਿਮਾਰੀਆਂ ਕੋਰੋਨਾ ਇਨਫੈਕਸ਼ਨ ਨੂੰ ਜ਼ਿਆਦਾ ਗੰਭੀਰ ਬਣਾ ਦਿੰਦੀਆਂ ਹਨ।' ਉਨ੍ਹਾਂ ਕਿਹਾ ਕਿ ਮੇਰੇ ਵਰਗੇ ਦੂਜੇ ਅਮਰੀਕੀ ਅਸ਼ਵੇਤ ਲੋਕਾਂ 'ਤੇ ਕੋਰੋਨਾ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ।