ਵਾਸ਼ਿੰਗਟਨ (ਪੀਟੀਆਈ) : ਕਸ਼ਮੀਰ ਦੀ ਮੌਜੂਦਾ ਸਥਿਤੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੀ ਹੈ। ਅਮਰੀਕਾ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਭਾਰਤੀ-ਅਮਰੀਕੀ ਐੱਮਪੀ ਪ੍ਰਾਮਿਲਾ ਜੈਪਾਲ ਨੇ ਇਸ ਸਬੰਧੀ ਸਦਨ 'ਚ ਇਕ ਮਤਾ ਪੇਸ਼ ਕਰ ਕੇ ਮੰਗ ਕੀਤੀ ਹੈ ਕਿ ਕਸ਼ਮੀਰ ਵਿਚੋਂ ਸਾਰੀਆਂ ਪਾਬੰਦੀਆਂ ਹਟਾਈਆਂ ਜਾਣ।

ਭਾਰਤੀ-ਅਮਰੀਕੀ ਐੱਮਪੀ ਜੈਪਾਲ ਨੇ 745 ਨੰਬਰ ਮਤਾ ਪਿਛਲੇ ਸਾਲ ਪੇਸ਼ ਕੀਤਾ ਸੀ ਜਦਕਿ ਹੁਣ 36 ਹੋਰ ਐੱਮਪੀਜ਼ ਨੇ ਇਸ ਦਾ ਸਮਰਥਨ ਕੀਤਾ ਹੈ ਜਿਨ੍ਹਾਂ ਵਿਚ 34 ਡੈਮੋਕ੍ਰੇਟਿਕ ਪਾਰਟੀ ਅਤੇ ਦੋ ਰਿਪਬਲਿਕਨ ਪਾਰਟੀ ਨਾਲ ਸਬੰਧਤ ਹਨ। ਡੇਬੀ ਡਿੰਗਲ ਨਾਮਕ ਐੱਮਪੀ ਨੇ ਸੋਮਵਾਰ ਰਾਤ ਟਵੀਟ ਕਰ ਕੇ ਕਿਹਾ ਕਿ ਕਸ਼ਮੀਰ ਵਿਚ ਹਜ਼ਾਰਾਂ ਲੋਕ ਘਰਾਂ 'ਚ ਬੰਦ ਹਨ ਅਤੇ ਇੰਟਰਨੈੱਟ ਤੇ ਟੈਲੀਫੋਨ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ। ਡਿੰਗਲ ਨੇ ਕਿਹਾ ਕਿ ਇਸੇ ਕਰ ਕੇ ਮੈਂ ਇਸ ਮਤੇ ਦਾ ਸਮਰਥਨ ਕੀਤਾ ਹੈ। ਇਹ ਮਤਾ ਹੁਣ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਕੋਲ ਹੈ।

ਇਸ ਦੌਰਾਨ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਦੇਸ਼-ਪੱਧਰੀ ਮੁਹਿੰਮ ਸ਼ੁਰੂ ਕਰ ਕੇ ਕਿਹਾ ਹੈ ਕਿ ਕਸ਼ਮੀਰ ਵਿਚ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ। ਪਿਛਲੇ ਕੁਝ ਹਫ਼ਤਿਆਂ ਦੌਰਾਨ ਲਗਪਗ ਅੱਧੀ ਦਰਜਨ ਅਮਰੀਕੀ ਐੱਮਪੀਜ਼ ਨੇ ਕਸ਼ਮੀਰ ਬਾਰੇ ਭਾਰਤ ਸਰਕਾਰ ਦੇ ਪੱਖ ਦੀ ਹਮਾਇਤ ਕੀਤੀ ਹੈ। ਪੈਨਸਿਲਵੇਨੀਆ ਦੇ ਐੱਮਪੀ ਸਕਾਟ ਪੈਰੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਕਸ਼ਮੀਰ ਬਾਰੇ ਭਾਰਤ ਸਰਕਾਰ ਦੇ ਪੱਖ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਸੀ ਕਿ ਨਵੇਂ ਪ੍ਰਬੰਧਾਂ ਨਾਲ ਕਸ਼ਮੀਰ ਦੇ ਆਰਥਿਕ ਹਾਲਾਤ ਸੁਧਰਨਗੇ।