ਵਾਸ਼ਿੰਗਟਨ (ਏਐੱਨਆਈ) : ਅਮਰੀਕਾ ਦੇ ਮਿਨੇਸੋਟਾ 'ਚ ਸਿਆਹਫਾਮ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਪੁਲਿਸ ਅਧਿਕਾਰੀ ਡੈਰੇਕ ਚਾਉਵਿਨ ਨੂੰ ਸਾਢੇ 22 ਸਾਲ ਦੀ ਸਜ਼ਾ ਸੁਣਾਈ ਹੈ।

ਸੀਐੱਨਐੱਨ ਮੁਤਾਬਕ ਫਲਾਇਡ ਵੱਲੋਂ ਪੈਰਵੀ ਕਰ ਰਹੇ ਵਕੀਲ ਨੇ ਅਦਾਲਤ ਕੋਲੋਂ ਤੀਹ ਸਾਲ ਦੀ ਸਜ਼ਾ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ। ਸਜ਼ਾ ਦੇਣ ਵਾਲੇ ਜੱਜ ਪੀਟਰ ਏ ਕਾਹਿਲ ਨੇ ਸਜ਼ਾ ਸੁਣਾਉਣ ਤੋਂ ਪਹਿਲਾਂ ਕਿਹਾ ਕਿ ਮੇਰੀ ਦਿੱਤੀ ਗਈ ਸਜ਼ਾ ਭਾਵਨਾਵਾਂ 'ਤੇ ਆਧਾਰਤ ਨਹੀਂ ਹੋਵੇਗੀ।

ਇਸਦੇ ਨਾਲ ਹੀ ਮੈਂ ਫਲਾਇਡ ਦੇ ਪਰਿਵਾਰ ਦੀ ਨਾ ਸਹਿਣਯੋਗ ਪੀੜ ਨੂੰ ਵੀ ਮਹਿਸੂਸ ਕਰਦਾ ਹਾਂ। ਯਾਦ ਰਹੇ ਕਿ ਅਮਰੀਕਾ ਦੇ ਮਿਨੇਸੋਟਾ 'ਚ ਸਿਆਹਫਾਮ ਜਾਰਜ ਫਲਾਇਡ ਨੂੰ ਪਿਛਲੇ ਸਾਲ 25 ਅਪ੍ਰੈਲ ਨੂੰ ਪੁਲਿਸ ਅਧਿਕਾਰੀਆਂ ਨੇ ਫੜਿਆ ਸੀ। ਫੜਨ ਵਾਲੇ ਪੁਲਿਸ ਅਧਿਕਾਰੀ ਡੈਰੇਕ ਚਾਉਵਿਨ ਨੇ ਨੌਂ ਮਿੰਟ ਤਕ ਆਪਣੇ ਗੋਡੇ ਨਾਲ ਫਲਾਇਡ ਦਾ ਗਲਾ ਦਬਾਈ ਰੱਖਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਅਮਰੀਕਾ 'ਚ ਨਸਲੀ ਭੇਦਭਾਵ ਨੂੰ ਲੈ ਕੇ ਤਿੱਖਾ ਅੰਦੋਲਨ ਸ਼ੁਰੂ ਹੋ ਗਿਆ ਸੀ।

ਸਜ਼ਾ ਤੋਂ ਪਹਿਲਾਂ ਪੁਲਿਸ ਅਧਿਕਾਰੀ ਚਾਉਵਿਨ ਨੇ ਬਹੁਤ ਹੀ ਸੰਖੇਪ 'ਚ ਫਲਾਇਡ ਦੀ ਮੌਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।

ਮਿਨੇਸੋਟਾ ਦੇ ਅਟਾਰਨੀ ਜਨਰਲ ਮੈਥਿਊ ਫ੍ਰੈਂਕ ਨੇ ਅਦਾਲਤ 'ਚ ਕਿਹਾ ਕਿ ਚਾਉਵਿਨ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਫਲਾਇਡ ਨੂੰ ਮਾਰ ਦਿੱਤਾ। ਉਸ ਨੇ ਪੂਰੇ ਪੁਲਿਸ ਵਿਭਾਗ ਨੂੰ ਬਦਨਾਮ ਕੀਤਾ ਹੈ। ਏਪੀ ਮੁਤਾਬਕ ਇਹ ਮਿਨੇਸੋਟਾ 'ਚ ਕਿਸੇ ਪੁਲਿਸ ਅਧਿਕਾਰੀ ਨੂੰ ਮਿਲੀ ਸਭ ਤੋਂ ਲੰਬੀ ਸਜ਼ਾ ਹੈ। ਸਜ਼ਾ ਦਿੱਤੇ ਜਾਣ ਤੋਂ ਬਾਅਦ ਚਾਉਵਿਨ ਨੂੰ ਤੁਰੰਤ ਹੀ ਜੇਲ੍ਹ ਲਿਜਾਇਆ ਗਿਆ।