ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੇ ਮਿਨੀਆਪੋਲਿਸ 'ਚ ਇਕ ਸਿਆਹਫਾਮ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਨੇ ਗੋਲ਼ੀ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਨੌਜਵਾਨ 'ਤੇ ਦੋਸ਼ ਸੀ ਕਿ ਉਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਇਹ ਘਟਨਾ ਪਿਛਲੇ ਸਾਲ ਮਈ 'ਚ ਸਿਆਹਫਾਮ ਜਾਰਜ ਫਲਾਇਡ ਨੂੰ ਮਾਰੇ ਜਾਣ ਦੀ ਘਟਨਾ ਵਾਲੀ ਥਾਂ ਤੋਂ ਕਰੀਬ 16 ਕਿਲੋਮੀਟਰ ਦੂਰ ਹੋਈ। ਗੁੱਸੇ 'ਚ ਆਏ ਲੋਕਾਂ ਦੀ ਭੀੜ ਬਰੁਕਲਿਨ ਸੈਂਟਰ ਪੁਲਿਸ ਡਿਪਾਰਟਮੈਂਟ ਦੇ ਭਵਨ ਦੇ ਸਾਹਮਣੇ ਇਕੱਠੀ ਹੋ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਰਬੜ ਦੀਆਂ ਗੋਲ਼ੀਆਂ ਚਲਾਈਆਂ। ਪ੍ਰਦਰਸ਼ਨਕਾਰੀਆਂ ਨੇ ਵੀ ਪਥਰਾਅ ਕਰਦਿਆਂ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਲਾਕੇ 'ਚ ਕਰਫਿਊ ਲਾ ਦਿੱਤਾ ਗਿਆ ਹੈ।

ਮਰਨ ਵਾਲੇ ਨੌਜਵਾਨ ਦੀ ਉਸ ਦੇ ਮਾਪਿਆਂ ਨੇ ਪਛਾਣ ਕਰ ਲਈ ਹੈ। ਉਸ ਦਾ ਨਾਂ ਦੌਂਤੇ ਰਾਈਟ ਹੈ। ਇਥੋਂ ਦੇ ਪੁਲਿਸ ਕਮਿਸ਼ਨਰ ਜਾਨ ਹੈਰਿੰਗਟਨ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਲੋਕ ਇਕੱਠੇ ਹੋ ਗਏ ਸਨ, ਜਿਨ੍ਹਾਂ ਨੂੰ ਬਾਅਦ 'ਚ ਤਿੱਤਰ-ਬਿੱਤਰ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸ਼ਾਪਿੰਗ ਸੈਂਟਰ ਦੀਆਂ ਦੁਕਾਨਾਂ 'ਚ ਲੁੱਟ-ਖੋਹ ਕੀਤੀ। ਬਰੁਕਲਿਨ ਸੈਂਟਰ 'ਚ ਸੋਮਵਾਰ ਦੀ ਸਵੇਰ ਤੋਂ ਕਰਫਿਊ ਲਾ ਦਿੱਤਾ ਗਿਆ ਹੈ।

ਮਾਰੇ ਗਏ ਦੌਂਤੇ ਦੀ ਮਾਂ ਕੈਟੀ ਰਾਈਟ ਨੇ ਘਟਨਾ ਵਾਲੀ ਥਾਂ 'ਤੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦਾ ਪੁੱਤਰ ਨੇ ਦੁਪਹਿਰ ਨੂੰ ਫੋਨ ਕੀਤਾ ਸੀ। ਉਸ ਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਪੁਲਿਸ ਉਸ ਨੂੰ ਗੱਡੀ 'ਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਪੁਲਿਸ ਮੁਲਾਜ਼ਮ ਕਹਿ ਰਿਹਾ ਸੀ ਕਿ ਭੱਜਣਾ ਦੀ ਕੋਸ਼ਿਸ਼ ਨਾ ਕਰੀਂ। ਉਸ ਤੋਂ ਬਾਅਦ ਕਾਲ ਸਮਾਪਤ ਹੋ ਗਈ। ਉਨ੍ਹਾਂ ਨੇ ਜਦੋਂ ਦੁਬਾਰਾ ਫੋਨ ਕੀਤਾ ਤਾਂ ਉਸ ਦੀ ਦੋਸਤ ਨੇ ਫੋਨ ਚੁੱਕਿਆ। ਉਸ ਨੇ ਦੱਸਿਆ ਕਿ ਉਹ ਡਰਾਈਵਿੰਗ ਸੀਟ 'ਤੇ ਮਿ੍ਤਕ ਪਿਆ ਹੋਇਆ ਹੈ। ਪੁਲਿਸ ਮਾਮਲੇ 'ਚ ਵੀਡੀਓ ਰਿਕਾਰਡਿੰਗ ਰਾਹੀਂ ਜਾਂਚ ਕਰ ਰਹੀ ਹੈ।