ਵਾਸ਼ਿੰਗਟਨ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਸ ਸ਼ੁੱਕਰਵਾਰ ਨੂੰ ਪਹਿਲੀ ਵਾਰ ਮੁਲਾਕਾਤ ਹੋਣ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਾਇਡਨ ਤੇ ਮੋਦੀ ਦੀ ਪਹਿਲੀ ਦੁਵੱਲੀ ਬੈਠਕ ਨਾਲ ਅਮਰੀਕਾ ਤੇ ਭਾਰਤ ਦੇ ਸਬੰਧ ਹੋਰ ਮਜ਼ਬੂਤ ਹੋਣਗੇ। ਦੋਵੇਂ ਨੇਤਾ ਅਫ਼ਗਾਨਿਸਤਾਨ ਦੇ ਹਾਲਾਤ ਸਮੇਤ ਕਈ ਮੁੱਦਿਆਂ ’ਤੇ ਗੱਲਬਾਤ ਕਰ ਸਕਦੇ ਹਨ। ਉਹ ਇਸ ’ਤੇ ਵੀ ਚਰਚਾ ਕਰ ਸਕਦੇ ਹਨ ਕਿ ਦੋਵੇਂ ਦੇਸ਼ ਕਿਸ ਤਰ੍ਹਾਂ ਮਿਲ ਕੇ ਅੱਤਵਾਦ ਨਾਲ ਮੁਕਾਬਲਾ ਕਰ ਸਕਦੇ ਹਨ।

ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ’ਚ ਸ਼ੁੱਕਰਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕਰਨਗੇ। ਫਿਰ ਇਸ ਤੋਂ ਬਾਅਦ ਇਸੇ ਦਿਨ ਕਵਾਡ ਦੇਸ਼ਾਂ ਦੇ ਪਹਿਲੇ ਸਿਖਰ ਸੰਮੇਲਨ ਦੀ ਵੀ ਮੇਜ਼ਬਾਨੀ ਕਰਨਗੇ। ਇਸ ’ਚ ਪੀਐੱਮ ਮੋਦੀ ਤੋਂ ਇਲਾਵਾ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵੀ ਹਿੱਸਾ ਲੈਣਗੇ। ਬੀਤੇ ਜਨਵਰੀ ਮਹੀਨੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਇਡਨ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਕਈ ਵਾਰ ਫੋਨ ’ਤੇ ਗੱਲਬਾਤ ਹੋ ਚੁੱਕੀ ਹੈ। ਦੋਵਾਂ ਨੇਤਾਵਾਂ ਦੀ ਇਸ ਤਰ੍ਹਾਂ ਦੀ ਆਖ਼ਰੀ ਗੱਲਬਾਤ ਬੀਤੀ 26 ਅਪ੍ਰੈਲ ਨੂੰ ਹੋਈ ਸੀ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, ‘ਬੈਠਕ ਦੌਰਾਨ ਦੋਵੇਂ ਨੇਤਾ ਆਪਣੇ ਲੋਕਾਂ ਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਵਿਚਾਲੇ ਉਨ੍ਹਾਂ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਦੇਣਗੇ, ਜਿਸ ਨੇ ਸੱਤ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਤੇ ਭਾਰਤ ਵਿਚਾਲੇ ਵਿਸ਼ੇਸ਼ ਸਬੰਧਾਂ ਨੂੰ ਮਜ਼ਬੂਤੀ ਦਿੱਤੀ ਹੈ।’

ਵੀਰਵਾਰ ਨੂੰ ਪੀਐੱਮ ਮੋਦੀ ਨਾਲ ਮੁਲਾਕਾਤ ਕਰੇਗੀ ਕਮਲਾ ਹੈਰਿਸ

ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਪ੍ਰਧਾਨ ਮੰਤਰੀ ਮੋਦੀ ਨਾਲ ਵੀਰਵਾਰ ਨੂੰ ਮੁਲਾਕਾਤ ਕਰਨਗੇ। ਦੋਵਾਂ ਨੇਤਾਵਾਂ ਦੀ ਇਹ ਪਹਿਲੀ ਦੁਵੱਲੀ ਮੁਲਾਕਾਤ ਹੋਵੇਗੀ। ਹੈਰਿਸ ਨੇ ਮੋਦੀ ਨਾਲ ਬੀਤੇ ਜੂਨ ਮਹੀਨੇ ਫੋਨ ’ਤੇ ਗੱਲਬਾਤ ਕੀਤੀ ਸੀ। ਭਾਰਤੀ ਮੂਲ ਦੀ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹੈ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਇੱਥੇ 23 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰੇਗੀ।

Posted By: Jatinder Singh