ਵਾਸ਼ਿੰਗਟਨ : ਨਿਊ ਜਰਸੀ ਦੀ ਵੈੱਬਸਾਈਟ 'ਹਡਸਨ ਮਾਈਲ ਸਕਵਾਇਰ ਵਿਊ' ਨੇ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ਅਰਬ ਦੇ ਤਾਨਾਸ਼ਾਹ ਦੇ ਰੂਪ ਵਿਚ ਦਿਖਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ ਨਸਲੀ ਵਿਤਕਰੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਵੈਬਸਾਈਟ ਨੇ ਰਵੀ ਦੀ ਜਿਹੜੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਉਹ ਹਾਸਰਸ ਫਿਲਮ 'ਦਿ ਡਿਕਟੇਟਰ' 'ਚ ਬਰਤਾਨਵੀ ਅਭਿਨੇਤਾ ਸਾਸ਼ਾ ਬੈਰਨ ਕੋਹਨ ਵੱਲੋਂ ਨਿਭਾਏ ਗਏ ਮੁੱਖ ਕਿਰਦਾਰ ਨਾਲ ਮਿਲਦੀ-ਜੁਲਦੀ ਸੀ। ਇਹ ਤਸਵੀਰ 'ਰਵੀ ਭੱਲਾ ਗੋਜ਼ ਟੂ ਦਿ ਮੈਟਰੇਸੇਸ...ਫਾਰ ਵਿਜ਼ ਟੈਕਸ ਇਨਕ੍ਰਿਜੇਜ਼' ਸਿਰਲੇਖ ਹੇਠ ਛਪੇ ਲੇਖ ਦਾ ਹਿੱਸਾ ਸੀ।

ਇਸ ਲੇਖ 'ਚ ਰਵੀ 'ਤੇ ਨਗਰ ਪ੍ਰਰੀਸ਼ਦ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਫਿਰ ਤੋਂ ਟੈਕਸ ਵਧਾਉਣ ਲਈ ਆਪਣੇ ਸਾਰੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵੈਬਸਾਈਟ ਮੁਤਾਬਕ ਰਵੀ ਨੇ ਤਿੰਨ ਫ਼ੀਸਦੀ ਟੈਕਸ ਇਜ਼ਾਫ਼ੇ ਦੀ ਤਜਵੀਜ਼ ਰੱਖੀ ਸੀ ਪਰ ਪ੍ਰੀਸ਼ਦ ਨੇ ਇਸ ਨੂੰ ਘਟਾ ਕੇ ਇਕ ਫ਼ੀਸਦੀ ਕਰ ਦਿੱਤਾ। ਲੇਖ 'ਚ ਕਿਹਾ ਗਿਆ ਹੈ ਕਿ ਹੁਣ ਮੇਅਰ ਦਫ਼ਤਰ ਇਸ ਟੈਕਸ ਕਟੌਤੀ ਨੂੰ ਵਾਪਸ ਲੈਣ ਲਈ ਦਬਾਅ ਪਾ ਰਿਹਾ ਹੈ।

ਸਿੱਖ ਵਰਕਰਾਂ ਨੇ ਇਸ ਤਸਵੀਰ ਨੂੰ ਨਸਲੀ ਦੱਸਦਿਆਂ ਇਸ ਦੀ ਨਿਖੇਧੀ ਕੀਤੀ ਹੈ। ਭਾਈਚਾਰੇ ਦੇ ਤਰਜਮਾਨ ਤੇ ਸਮਾਜਿਕ ਕਾਰਕੁੰਨ ਸਿਮਰਜੀਤ ਸਿੰਘ ਨੇ ਟਵੀਟ ਕੀਤਾ, 'ਰਵੀ ਭੱਲਾ ਅਮਰੀਕੀ ਇਤਿਹਾਸ 'ਚ ਮੇਅਰ ਦੇ ਤੌਰ 'ਤੇ ਚੁਣੇ ਜਾਣ ਵਾਲੇ ਪਹਿਲੇ ਸਿੰਘ ਹਨ। ਉਨ੍ਹਾਂ ਨੂੰ ਨਸਲੀ ਅਪਸ਼ਬਦ ਕਹੇ ਜਾ ਰਹੇ ਹਨ, ਲੋਕ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਕਿਸੇ ਨੇ ਉਨ੍ਹਾਂ ਦੀ ਤਸਵੀਰ ਵਿਗਾੜ ਕੇ ਉਨ੍ਹਾਂ ਨੂੰ ਅਰਬ ਦਾ ਤਾਨਾਸ਼ਾਹ ਦੱਸਿਆ ਹੈ। ਇਹ ਨਸਲੀ ਵਿਤਕਰਾ ਤੇ ਗ਼ਲਤ ਹੈ।