ਵਾਸ਼ਿੰਗਟਨ (ਏਪੀ) : ਅਮਰੀਕਾ 'ਚ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਮਤੇ 'ਤੇ ਸੰਸਦ ਦੀ ਕਾਨੂੰਨੀ ਮਾਮਲਿਆਂ ਦੀ ਕਮੇਟੀ ਵਿਚਾਰ ਕਰ ਰਹੀ ਹੈ ਪਰ ਉਸ ਤੋਂ ਪਹਿਲਾਂ ਹੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਸਦਨ ਵਿਚ ਚਰਚਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜੇਕਰ ਸਭ ਕੁਝ ਤੈਅ ਪ੍ਰੋਗਰਾਮ 'ਤੇ ਹੋਇਆ ਤਾਂ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੇ ਇਸ ਹੇਠਲੇ ਸਦਨ ਵਿਚ ਡੋਨਾਲਡ ਟਰੰਪ 'ਤੇ ਲੱਗੇ ਦੋਸ਼ਾਂ 'ਤੇ ਕ੍ਰਿਸਮਸ (25 ਦਸੰਬਰ) ਦੇ ਆਸਪਾਸ ਵੋਟਿੰਗ ਹੋ ਸਕਦੀ ਹੈ।

ਵੀਰਵਾਰ ਨੂੰ ਪੇਲੋਸੀ ਨੇ ਕਿਹਾ, ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੇ ਮਾਮਲੇ ਵਿਚ ਪ੍ਰਤੀਨਿਧੀ ਸਭਾ ਅੱਗੇ ਵਧੇਗੀ। ਅਜਿਹਾ ਅਸੀਂ ਦੁਖੀ ਮਨ ਨਾਲ ਕਰਾਂਗੇ ਪਰ ਇਹ ਕੰਮ ਸਾਨੂੰ ਪੂਰੇ ਵਿਸ਼ਵਾਸ ਨਾਲ ਪੂਰਾ ਕਰਨਾ ਹੋਵੇਗਾ। ਸਾਡੇ ਰਾਸ਼ਟਰਪਤੀ ਨੇ ਸੰਵਿਧਾਨ ਦੀ ਗੰਭੀਰ ਉਲੰਘਣਾ ਕੀਤੀ ਹੈ।

ਮਾਮਲਾ ਟਰੰਪ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਖ਼ਿਲਾਫ਼ ਯੂਕਰੇਨ ਵਿਚ ਜਾਂਚ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਦਾ ਹੈ। ਟਰੰਪ ਨੇ ਇਸ ਲਈ ਆਪਣੇ ਯੂਕਰੇਨੀ ਹਮਅਹੁਦਾ ਵੋਲੋਦੀਮੀਰ ਜੈਲੇਂਸਕੀ 'ਤੇ ਦਬਾਅ ਪਾਇਆ ਸੀ। ਕਿਹਾ ਜਾਂਦਾ ਹੈ ਕਿ ਬਿਡੇਨ ਡੈਮੋਕ੍ਰੇਟਿਕ ਪਾਰਟੀ ਵੱਲੋਂ 2020 ਦੀਆਂ ਚੋਣਾਂ ਵਿਚ ਟਰੰਪ ਖ਼ਿਲਾਫ਼ ਉਮੀਦਵਾਰ ਹੋ ਸਕਦੇ ਹਨ, ਇਸ ਲਈ ਟਰੰਪ ਨੇ ਉਨ੍ਹਾਂ ਦਾ ਰਸਤਾ ਰੋਕਣ ਲਈ ਉਨ੍ਹਾਂ ਨੂੰ ਜਾਂਚ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

ਟਰੰਪ ਅਤੇ ਜੈਲੇਂਸਕੀ ਵਿਚਾਲੇ ਟੈਲੀਫੋਨ 'ਤੇ ਹੋਈ ਗੱਲਬਾਤ ਨੂੰ ਕਈ ਅਧਿਕਾਰੀਆਂ ਨੇ ਸੁਣਿਆ। ਉਨ੍ਹਾਂ ਵਿਚੋਂ ਇਕ ਅਧਿਕਾਰੀ ਨੇ ਵਿ੍ਹਸਲ ਬਲੋਅਰ ਦੇ ਰੂਪ ਵਿਚ ਡੈਮੋਕ੍ਰੇਟਿਕ ਨੇਤਾਵਾਂ ਨੂੰ ਪੂਰੀ ਗੱਲ ਦੱਸੀ ਅਤੇ ਉਸੇ ਤੋਂ ਬਾਅਦ ਟਰੰਪ 'ਤੇ ਮਹਾਦੋਸ਼ ਚਲਾਉਣ ਦੀ ਰੂਪ-ਰੇਖਾ ਤਿਆਰ ਹੋਈ।

ਜੇਕਰ ਦੋ-ਤਿਹਾਈ ਬਹੁਮਤ ਨਾਲ ਸੰਸਦ ਨੇ ਮਤਾ ਪਾਸ ਕਰ ਦਿੱਤਾ ਤਾਂ ਟਰੰਪ ਨੂੰ ਰਾਸ਼ਟਰਪਤੀ ਅਹੁਦਾ ਛੱਡਣਾ ਪਵੇਗਾ, ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਉੱਚ ਸਦਨ ਸੈਨੇਟ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ, ਜਿੱਥੇ ਮਹਾਦੋਸ਼ ਮਤੇ ਦੇ ਡਿੱਗਣ ਦੇ ਆਸਾਰ ਹਨ।