ਜੇਐੱਨਐੱਨ, ਸੰਯੁਕਤ ਰਾਸ਼ਟਰ : ਦੁਨੀਆ ਭਰ 'ਚ ਸਾਲ 2020 ਦੌਰਾਨ ਕਰੋਡ਼ਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪੇਟ ਭਰ ਕੇ ਭੋਜਨ ਵੀ ਨਹੀਂ ਮਿਲ ਰਿਹਾ। ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਕਾਰਨ ਹੈ ਪੌਣ-ਪਾਣੀ ਪਰਿਵਰਤਨ ਤੇ ਦੂਸਰਾ ਵੱਡਾ ਕਾਰਨ ਹੈ ਆਰਥਿਕ ਸਮੱਸਿਆ। ਇਨ੍ਹਾਂ ਦੋ ਸਮੱਸਿਆਵਾਂ ਨੇ ਵਿਸ਼ਵ 'ਚ ਭੁੱਖਮਰੀ ਦਾ ਪੱਧਰ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਤੀਸਰੀ ਵੱਡੀ ਪਰੇਸ਼ਾਨੀ ਪੂਰੀ ਦੁਨੀਆ 'ਚ ਫੈਲੀ ਕੋਵਿਡ-19 ਵੀ ਬਣਿਆ ਹੈ। ਇਸ ਦੀ ਵਜ੍ਹਾ ਨਾਲ ਪਹਿਲਾਂ ਦੀਆਂ ਦੋ ਸਮੱਸਿਆਵਾਂ ਹੋਰ ਜ਼ਿਆਦਾ ਵਧ ਗਈਆਂ ਹਨ। ਵਿਸ਼ਵ ਖ਼ੁਰਾਕ ਪ੍ਰੋਗਰਾਮ (WFP) ਦੀ ਇਕ ਤਾਜ਼ਾ ਰਿਪੋਰਟ 'ਚ ਇਨ੍ਹਾਂ ਸਬੰਧੀ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ।

ਡਬਲਯੂਈਪੀ ਦੀ ਇਸ ਰਿਪੋਰਟ ਨੂੰ Cost of a Plate of Food 2020 ਦਾ ਨਾਂ ਦਿੱਤਾ ਗਿਆ ਹੈ। ਇਸ ਰਿਪੋਰਟ 'ਚ ਉਨ੍ਹਾਂ ਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੇ ਚੌਲ ਤੇ ਫਲ਼ੀਆਂ ਵਾਲੀ ਮਾਮੂਲੀ ਖ਼ੁਰਾਕ ਵੀ ਲੋਕਾਂ ਦਾ ਆਮਦਨੀ ਦੇ ਮੁਕਾਬਲੇ ਕਾਫ਼ੀ ਮਹਿੰਗੀ ਹੈ। ਬੀਤੇ ਦਿਨੀਂ ਵਿਸ਼ਵ ਖ਼ੁਰਾਕ ਦਿਵਸ ਦੇ ਮੌਕੇ ਸੰਯੁਕਤ ਰਾਸ਼ਟਰ ਮੁਖੀ ਏਂਟੋਨੀਓ ਗੁਤਰਸ ਨੇ ਆਪਣੇ ਜਾਰੀ ਵੀਡੀਓ ਸੰਦੇਸ਼ 'ਚ ਕਾਫ਼ੀ ਤਿੱਖੇ ਸ਼ਬਦਾਂ ਦਾ ਇਸਤੇਮਾਲ ਕਰ ਕੇ ਇਸ ਸਮੱਸਿਆ ਪ੍ਰਤੀ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਹੈ। ਉਨ੍ਹਾਂ ਆਪਣੇ ਸੰਦੇਸ਼ 'ਚ ਕਿਹਾ ਕਿ ਬਹੁਤਾਇਤ ਵਾਲੀ ਇਸ ਦੁਨੀਆ 'ਚ ਬੇਹੱਦ ਦੁੱਖ ਦੀ ਗੱਲ ਹੈ ਕਿ ਅੱਜ ਵੀ ਵਿਸ਼ਵ ਦੇ ਕਰੋਡ਼ਾਂ ਲੋਕ ਰੋਜ਼ ਰਾਤ ਭੁੱਖੇ ਪੇਟ ਸੌਣ ਲਈ ਮਜਬੂਰ ਹਨ। ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਮਾਂ ਰਹਿੰਦੇ ਕੁਝ ਠੋਸ ਉਪਾਅ ਨਹੀਂ ਕੀਤੇ ਗਏ ਤਾਂ ਸਾਲ 2020 ਦੌਰਾਨ ਵੀ ਲਗਪਗ 27 ਕਰੋਡ਼ ਲੋਕਾਂ ਦੀਆਂ ਜ਼ਿੰਦਗੀਆਂ ਤੇ ਰੋਜ਼ੀ-ਰੋਟੀ ਬੇਹੱਦ ਗੰਭੀਰ ਜੋਖ਼ਮ ਦਾ ਸਾਹਮਣਾ ਕਰੇਗੀ।

ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਇਕ ਬਿਹਤਰ ਭਵਿੱਖ ਹਾਸਲ ਕਰਨ ਦੇ ਸੰਯੁਕਤ ਰਾਸ਼ਟਰ ਦੇ ਸੁਪਨੇ ਤੇ ਟੀਚੇ ਹਾਸਲ ਕਰਨ ਲਈ ਤੇ ਜ਼ਿਆਦਾ ਯਤਨ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਕ ਅਜਿਹਾ ਵਿਸ਼ਵ ਤਿਆਰ ਕਰਨਾ ਹੈ ਜਿੱਥੇ ਹਰ ਕਿਸੇ ਨੂੰ ਲੋਡ਼ੀਂਦਾ ਭੋਜਨ ਮਿਲ ਸਕੇ ਤੇ ਕਿਸੇ ਨੂੰ ਭੁੱਖੇ ਪੇਟ ਨਾ ਸੌਣਾ ਪਵੇ। ਇਸ ਦੇ ਲਈ ਖਾਧ ਪ੍ਰਣਾਲੀਆਂ ਨੂੰ ਹੋਰ ਬਿਹਤਰ ਬਣਾਉਣਾ ਪਵੇਗਾ। ਨਾਲ ਹੀ ਭੋਜਨ ਦੀ ਬਰਬਾਦੀ ਨੂੰ ਵੀ ਰੋਕਣ ਲਈ ਠੋਸ ਉਪਾਅ ਕਰਨੇ ਪੈਣਗੇ। ਉਨ੍ਹਾਂ ਇਹ ਯਕੀਨੀ ਬਣਾਉਣ 'ਤੇ ਵੀ ਖ਼ਾਸ ਜ਼ੋਰ ਦਿੱਤਾ ਹੈ ਕਿ ਹਰੇਕ ਇਨਸਾਨ ਨੂੰ ਟਿਕਾਊ ਤੇ ਹੈਲਦੀ ਭੋਜਨ ਖ਼ੁਰਾਕ ਉਪਲਬਧ ਹੋਵੇ।

Posted By: Seema Anand