ਜੇਐੱਨਐੱਨ, ਵਾਸ਼ਿੰਗਟਨ : ਦੁਨੀਆ ਦੀ ਪਹਿਲੀ 'ਫਲਾਈ ਐਂਡ ਡ੍ਰਾਈਵ ਕਾਰ' ਬੁੱਧਵਾਰ ਨੂੰ ਮਿਆਮੀ 'ਚ ਇਕ ਇਵੈਂਟ ਦੌਰਾਨ ਲਾਂਚ ਕਰ ਦਿੱਤੀ ਗਈ। ਇਸ ਨੂੰ ਪਾਇਨੀਅਰ ਪਰਸਨਲ ਏਅਰ ਲੈਂਡਿੰਗ ਵ੍ਹੀਕਲ (Personal Air Landing Vehicle, PAL-V) ਨਾਂ ਦਿੱਤਾ ਹੈ। ਇਸ ਦੀ ਕੀਮਤ ਲਗਪਗ 4.30 ਕਰੋੜ ਰੁਪਏ ਹੈ। ਹੁਣ ਤਕ ਇਸ ਕਾਰ ਦੀਆਂ 70 ਬੁਕਿੰਗ ਹੋ ਚੁੱਕੀਆਂ ਹਨ। ਇਸ ਦੀ ਪਹਿਲੀ ਡਲਿਵਰੀ 2021 'ਚ ਹੋਵੇਗੀ। ਕੰਪਨੀ ਨੇ ਇਸ ਦੀ ਵਿਕਰੀ ਲਈ ਇਕ ਸ਼ਰਤ ਰੱਖੀ ਹੈ। ਸ਼ਰਤ ਮੁਤਾਬਿਕ, ਖਰੀਦਦਾਰ ਕੋਲ ਡਰਾਈਵਿੰਗ ਲਾਇਸੈਂਸ ਦੇ ਨਾਲ ਪਾਇਲਟ ਲਾਇਸੈਂਸ ਵੀ ਹੋਣਾ ਚਾਹੀਦਾ ਹੈ।

ਇਹ ਹੈ ਖ਼ਾਸੀਅਤ

ਇਸ ਕਾਰ 'ਚ ਰਿਟ੍ਰੈਕਟੇਬਲ ਓਵਰਹੈੱਡ ਤੇ ਰਿਅਰ ਪ੍ਰੋਪੈੱਲਰ ਲਗਾਏ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਇਹ 12,500 ਫੁੱਟ ਦੀ ਉਚਾਈ 'ਤੇ ਉਡਾਨ ਭਰ ਸਕਦੀ ਹੈ। ਕਾਰ ਹਵਾ 'ਚ 321 ਕਿੱਲੋਮੀਟਰ ਪ੍ਰਤੀ ਘੰਟਾ ਤੇ ਸੜਕ 'ਤੇ 160 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਤੇ ਦੌੜ ਸਕਦੀ ਹੈ। ਟੂ-ਸੀਟਰ ਇਸ 680 ਕਿੱਲੋ ਵਜ਼ਨੀ ਕਾਰ 'ਚ 230 ਹਾਰਸ ਪਾਵਰ ਦੇ ਚਾਰ ਸਿਲੰਡਰਾਂ ਵਾਲਾ ਇੰਜਣ ਲੱਗਾ ਹੈ। ਇਹ ਮਹਿਜ਼ 10 ਮਿੰਟ 'ਚ ਥ੍ਰੀ ਵ੍ਹੀਲਰ ਕਾਰ ਤੋਂ ਜ਼ਾਇਰੋਕੌਪਟਰ 'ਚ ਬਦਲ ਜਾਂਦੀ ਹੈ।

ਉਡਾਨ ਭਰਨ ਲਈ 540 ਫੁੱਟ ਦਾ ਰਨਵੇਅ ਜ਼ਰੂਰੀ

ਇਹ ਕਾਰ ਕਾਰਬਨ ਫਾਈਬਰ, ਟਾਇਟੇਨੀਅਮ ਤੇ ਐਲੂਮੀਨੀਅਮ ਨਾਲ ਬਣੀ ਹੈ। ਇਸ ਨੂੰ ਟੇਕ ਆਫ ਲਈ 540 ਫੁੱਟ ਦਾ ਰਨਵੇ ਚਾਹੀਦਾ ਹੈ। ਹਾਲਾਂਕਿ, ਇਸ ਦੇ ਉਤਰਨ ਲਈ ਮਹਿਜ਼ 100 ਫੁੱਟ ਦਾ ਰਨਵੇ ਪ੍ਰਾਪਤ ਹੈ। ਇਸ ਵਿਚ ਮੋਟਰਸਾਈਕਲ ਵਾਂਗ ਹੀ ਹੈਂਡਲਬਾਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਇਸ ਨੂੰ ਸੜਕ ਤੇ ਹਵਾ 'ਚ ਕੰਟਰੋਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਦਾ ਕਮਰਸ਼ੀਅਲ ਪ੍ਰੋਡਕਸ਼ਨ ਵਰਜ਼ਨ ਤਿਆਰ ਕਰ ਲਿਆ ਹੈ।

ਸਸਤੇ ਵਰਜ਼ਨ 'ਤੇ ਹੋ ਰਿਹਾ ਕੰਮ

ਯੂਰਪਿਅਨ ਏਵੀਏਸ਼ਨ ਸੇਫਟੀ ਏਜੰਸੀ ਮੁਤਾਬਿਕ, ਕੰਪਨੀ ਇਸ ਕਾਰ ਦਾ ਸਸਤਾ ਵਰਜ਼ਨ ਪਾਲ-ਵੀ ਲਿਬਰਟੀ ਸੁਪੋਰਟ ਵੀ ਤਿਆਰ ਕਰ ਰਹੀ ਹੈ ਜਿਸ ਦੀ ਕੀਮਤ 2.40 ਕਰੋੜ ਰੁਪਏ ਹੋਵੇਗੀ। ਇਸ ਕਾਰ ਦੀ ਹਰ ਯੂਨਿਟ ਦੀ ਸਮਰੱਥਾ ਤੇ ਮਜ਼ਬੂਤੀ ਨੂੰ ਪਰਖਣ ਲਈ ਇਸ ਨੂੰ ਘੱਟੋ-ਘੱਟ 150 ਘੰਟੇ ਤਕ ਉਡਾਇਆ ਜਾਂਦਾ ਹੈ। ਇਸ ਦੌਰਾਨ ਇਸ ਨੂੰ ਕਈ ਮੁਸ਼ਕਲ ਪ੍ਰੀਖਣਾਂ 'ਚੋਂ ਗੁਜ਼ਾਰਿਆ ਜਾਂਦਾ ਹੈ। ਇਹ 27 ਗੈਲਨ ਗੈਸ ਟੈਂਕ ਨਾਲ ਲੈਸ ਹੈ ਜਿਸ ਕਾਰਨ ਇਹ 500 ਕਿੱਲੋਮੀਟਰ ਤਕ ਦੀ ਉਡਾਨ ਭਰ ਸਕਦਾ ਹੈ। ਸੜਕ 'ਤੇ ਇਹ ਕਾਰ ਇਕ ਵਾਰ 'ਚ 1200 ਕਿੱਲੋਮੀਟਰ ਤਕ ਦੌੜੇਗੀ।

Posted By: Seema Anand