ਵਾਸ਼ਿੰਗਟਨ , ਏਐੱਨਆਈ : ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਘੱਟ ਗਿਣਤੀਆਂ 'ਤੇ ਅਤਿਆਚਾਰ ਦੇ ਮਾਮਲੇ 'ਚ ਅਮਰੀਕਾ ਦੇ ਸੰਸਦ ਮੈਂਬਰਾਂ ਦਾ ਸਾਥ ਮਿਲਣ ਲੱਗਾ ਹੈ। ਪਾਕਿਸਤਾਨ 'ਚ ਸਿੰਧੀਆਂ ਦੇ ਸ਼ੋਸ਼ਣ ਦੇ ਵਿਰੋਧ 'ਚ ਸ਼ੁਰੂ ਕੀਤੇ ਗਏ 'ਲਾਗ ਵਾਕ ਫਾਰ ਫ੍ਰੀਡਮ' ਦਾ ਸਮਰਥਨ ਕਰਦੇ ਹੋਏ ਅਮਰੀਕਾ ਦੀ ਸੰਸਦ ਮੈਂਬਰ ਇਲੇਨਰ ਹੋਮਸ ਨੇ ਕਿਹਾ ਕਿ ਵਰਲਡ ਸਿੰਧੀ ਕਾਂਗਰਸ (ਡਬਲਯੂਐੱਸਸੀ) ਦੇ 350 ਕਿਲੋਮੀਟਰ ਦੇ ਮਾਰਚ ਤੋਂ ਮਨੁੱਖੀ ਅਧਿਕਾਰਾਂ ਤੇ ਪੌਣ-ਪਾਣੀ ਪਰਿਵਰਤਨ ਦੇ ਮੁੱਦਿਆਂ 'ਤੇ ਜਾਗਰੂਕਤਾ ਵਧੇਗੀ। ਮੌਜੂਦਾ ਕੋਰੋਨਾ ਮਹਾਮਾਰੀ ਦੇ ਦੌਰ 'ਚ ਸਾਰੇ ਲੋਕਾਂ ਦੇ ਅਧਿਕਾਰ ਲਈ ਲੜਿਅਆ ਜਾਣਾ ਜ਼ਰੂਰੀ ਹੈ। ਇਹ ਮਾਰਚ ਪਾਕਿਸਤਾਨ ਦੇ ਪੀੜਤ ਭਾਈਚਾਰਿਆਂ ਵਿਚਾਲੇ ਤਾਲਮੇਲ ਦਾ ਕੰਮ ਕਰੇਗਾ।


ਇਸ ਤੋਂ ਪਹਿਲਾਂ ਸਿੰਧੀ ਫਾਊਂਡੇਸ਼ਨ ਨੇ ਬਰਤਾਨੀਆ ਦੇ ਸੰਸਦ ਮੈਂਬਰ ਜਿਮਸ਼ੇਨੋਨ, ਮੇਰੀ ਰਿਮਰ ਤੇ ਡੋਵਿਡ ਆਲਟਨ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਕਿ ਪਾਕਿਸਤਾਨ 'ਚ ਧਾਰਮਿਕ ਅਸਹਿਣਸ਼ੀਲਤਾ ਸਿਖਰ 'ਤੇ ਪਹੁੰਚ ਗਈ ਹੈ।


ਇਸ ਐੱਨਜੀਓ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਹਿੰਦੂਆਂ ਦਾ ਰਹਿਣਾ ਮੁਸ਼ਕਲ ਹੋ ਗਿਆ ਹੈ। ਇਹ ਯੋਜਨਾਬੱਧ ਤਰੀਕੇ ਨਾਲ ਹਿੰਦੂਆਂ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਲੋਕ ਅਗਵਾ ਹੋ ਰਹੇ ਹਨ ਤੇ ਸ਼ੋਸ਼ਣ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਪੀੜਤਾਂ ਦੀ ਸ਼ਿਕਾਇਤ 'ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੇ ਤੇ ਅਦਾਲਤਾਂ ਤੋਂ ਵੀ ਇਨਸਾਫ਼ ਨਹੀਂ ਮਿਲਦਾ।


ਡਬਲਯੂਐੱਸਸੀ ਨੇ ਕਿਹਾ ਕਿ ਪਾਕਿਸਤਾਨ 'ਚ ਸਿੰਧੂ ਹਿੰਦੂ ਵੱਡਾ ਘੱਟ ਗਿਣਤੀ ਭਾਈਚਾਰਾ ਹੈ, ਜਿਸ ਦਾ ਤੇਜ਼ੀ ਨਾਲ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਹਿਊਮਨ ਰਾਈਟਸ ਕਮਿਸ਼ਨ (ਐੱਚਆਰਸੀਪੀ) ਮੁਤਾਬਕ ਹਰ ਮਹੀਨੇ 20 ਤੋਂ ਵੱਧ ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਬਦਲ ਦਿੱਤਾ ਜਾਂਦਾ ਹੈ।

Posted By: Rajnish Kaur