ਵਾਸ਼ਿੰਗਟਨ (ਪੀਟੀਆਈ) : ਪਾਕਿਸਤਾਨ ਲਈ ਨਾਮਜ਼ਦ ਅਮਰੀਕੀ ਡਿਪਲੋਮੈਟ ਵਿਲੀਅਮ ਟਾਡ ਨੇ ਇਸਲਾਮਾਬਾਦ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਧਰਤੀ 'ਤੇ ਸਰਗਰਮ ਲਸ਼ਕਰ-ਏ-ਤਾਇਬਾ ਵਰਗੀ ਅੱਤਵਾਦੀ ਜਮਾਤ 'ਤੇ ਅਤਿ-ਅਧਿਕ ਦਬਾਅ ਬਣਾਈ ਰੱਖਣ ਦੀ ਲੋੜ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਾਡ ਨੂੰ ਪਾਕਿਸਤਾਨ ਲਈ ਅਮਰੀਕਾ ਦਾ ਅਗਲਾ ਰਾਜਦੂਤ ਨਾਮਜ਼ਦ ਕੀਤਾ ਹੈ। ਉਨ੍ਹਾਂ ਆਪਣੀ ਨਿਯੁਕਤੀ ਦੀ ਮਨਜ਼ੂਰੀ ਨੂੰ ਲੈ ਕੇ ਇਸ ਹਫ਼ਤੇ ਇਕ ਸੰਸਦੀ ਕਮੇਟੀ ਨੂੰ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਉੱਥੇ ਅੱਤਵਾਦੀ ਜਮਾਤਾਂ 'ਤੇ ਨਿਰੰਤਰ ਅਤਿ-ਅਧਿਕ ਦਬਾਅ ਬਣਾਈ ਰੱਖਣ ਦੀ ਲੋੜ ਹੈ। ਸੰਸਦ ਦੇ ਉਪਰਲੇ ਸਦਨ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਬਾਬ ਮੈਨੇਂਡੇਜ ਦੇ ਇਕ ਸਵਾਲ 'ਤੇ ਟਾਡ ਨੇ ਦੱਸਿਆ ਕਿ ਲਸ਼ਕਰ-ਏ-ਤਾਇਬਾ ਨੇ ਪਿਛਲੇ ਕਈ ਸਾਲਾਂ ਤੋਂ ਅੱਤਵਾਦ ਦਾ ਮਾਹੌਲ ਬਣਾ ਰੱਖਿਆ ਹੈ। ਪਾਕਿਸਤਾਨ ਨੂੰ ਲਸ਼ਕਰ ਸਰਗਨਾ 'ਤੇ ਮੁਕੱਦਮਾ ਚਲਾਉਣ ਵਿਚ ਸਖ਼ਤ ਮਸ਼ੱਕਤ ਕਰਨੀ ਪਈ ਹੈ। ਇਸ ਅੱਤਵਾਦੀ ਜਮਾਤ ਦਾ ਸਰਗਨਾ ਪਿਛਲੇ ਕਰੀਬ ਇਕ ਸਾਲ ਤੋਂ ਸਲਾਖਾਂ ਦੇ ਪਿੱਛੇ ਹੈ। ਉਸ ਦੇ 12 ਸਾਥੀਆਂ ਨੂੰ ਵੀ ਜੇਲ੍ਹ ਵਿਚ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਨਿਯੁਕਤੀ 'ਤੇ ਮੋਹਰ ਲੱਗਦੀ ਹੈ ਤਾਂ ਮੈਂ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਣ ਲਈ ਪਾਕਿਸਤਾਨ 'ਤੇ ਦਬਾਅ ਬਣਾਉਣਾ ਜਾਰੀ ਰੱਖਾਂਗਾ।