ਸੰਯੁਕਤ ਰਾਸ਼ਟਰ (ਪੀਟੀਆਈ) : ਪਾਕਿਸਤਾਨ ਨੂੰ ਅੱਤਵਾਦ ਦਾ ਅੱਡਾ ਦੱਸਦਿਆਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਕਸ਼ਮੀਰ ਮੁੱਦੇ 'ਤੇ ਆਧਾਰਹੀਣ ਤੇ ਮੰਦਭਾਵਨਾ ਵਾਲੀਆਂ ਗੱਲਾਂ ਪ੍ਰਚਾਰਤ ਕਰਨ ਲਈ ਉਸ ਨੂੰ ਝਾੜ ਪਾਈ ਹੈ। ਕਿਹਾ ਕਿ ਇਹ ਕੌਮਾਂਤਰੀ ਸੰਸਥਾ ਦੇ ਮੰਚ ਦੀ ਦੁਰਵਰਤੋਂ ਹੈ।

ਭਾਰਤ ਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ 'ਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਵੱਲੋਂ ਜੰਮੂ ਕਸ਼ਮੀਰ ਦਾ ਮਸਲਾ ਚੁੱਕੇ ਜਾਣ ਦੀ ਸਖ਼ਤ ਨਿੰਦਾ ਕੀਤੀ। ਲੋਧੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾ ਕੇ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਕਈ ਸੰਕਲਪਾਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਪ੍ਰਤੀਨਿਧੀ ਨੇ ਦਾਅਵਾ ਕੀਤਾ ਕਿ ਸੁਰੱਖਿਆ ਕੌਂਸਲ ਦੇ ਕਹਿਣ 'ਤੇ ਹੀ ਜੰਮੂ ਕਸ਼ਮੀਰ ਤੋਂ ਕਰਫਿਊ ਹਟਾਇਆ ਗਿਆ ਤੇ ਸੰਪਰਕ ਦੇ ਸਾਧਨ ਚਾਲੂ ਕੀਤੇ ਗਏ। ਸੁਰੱਖਿਆ ਕੌਂਸਲ ਨੇ ਗਿ੍ਫ਼ਤਾਰ ਲੋਕਾਂ ਨੂੰ ਰਿਹਾਅ ਕਰਨ ਲਈ ਵੀ ਕਿਹਾ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਸਾਹਮਣੇ ਵੀ ਜੰਮੂ ਕਸ਼ਮੀਰ ਨੂੰ ਲੈ ਕੇ ਗ਼ਲਤ ਤਸਵੀਰ ਪੇਸ਼ ਕੀਤੀ। ਏਨਾ ਹੀ ਨਹੀਂ ਇਸੇ ਮਹੀਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਜੰਮੂ ਕਸ਼ਮੀਰ ਮਸਲੇ 'ਤੇ ਭਾਰਤ ਨੂੰ ਘੇਰਣ ਦੀ ਕੋਸ਼ਿਸ਼ ਕਰਨਗੇ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਸਕੱਤਰ ਸੰਦੀਪ ਕੁਮਾਰ ਬਾਯੱਪੂ ਨੇ ਕਿਹਾ, ਪਾਕਿਸਤਾਨ ਕੌਮਾਂਤਰੀ ਮੰਚ ਦੀ ਲਗਾਤਾਰ ਦੁਰਵਰਤੋਂ ਕਰ ਰਿਹਾ ਹੈ। ਉਸ ਦੀਆਂ ਗੱਲਾਂ ਬੇਅਹਿਮੀਅਤ ਤੇ ਸੱਚ ਤੋਂ ਪਰ੍ਹਾਂ ਹਨ ਪਰ ਉਹ ਮੰਦਭਾਵਨਾ ਵਾਲੇ ਪ੍ਰਚਾਰ ਬੰਦ ਨਹੀਂ ਕਰ ਰਿਹਾ। ਜਦਕਿ ਸੱਚ ਇਹ ਹੈ ਕਿ ਪਾਕਿਸਤਾਨ ਭਾਰਤ ਖ਼ਿਲਾਫ਼ ਲੁਕਵੀਂ ਜੰਗ ਛੇੜ ਕੇ ਅੱਤਵਾਦੀਆਂ ਰਾਹੀਂ ਨਿਰਦੋਸ਼ ਲੋਕਾਂ ਦੀ ਹੱਤਿਆ ਕਰਵਾ ਰਿਹਾ ਹੈ। ਇਹ ਸਿਲਸਿਲਾ ਲੰਬੇ ਸਮੇਂ ਤੋਂ ਜਾਰੀ ਹੈ। ਬਾਯੱਪੂ ਨੇ ਕਿਹਾ, ਜਿੱਥੋਂ ਤਕ ਸੁਰੱਖਿਆ ਕੌਂਸਲ ਦਾ ਸਵਾਲ ਹੈ ਤਾਂ ਉਹ ਦੁਨੀਆ ਦੀਆਂ ਬਹੁਤ ਵੱਡੀ ਆਬਾਦੀ ਦੀ ਅਗਵਾਈ ਨਹੀਂ ਕਰਦਾ। ਉਹ ਜ਼ਮੀਨੀ ਹਕੀਕਤਾਂ ਤੋਂ ਕੱਟਿਆ ਹੋਇਆ ਹੈ। ਇਸ ਲਈ ਅਜਿਹੇ ਮਸਲੇ 'ਤੇ ਚਰਚਾ ਕਰਵਾ ਦਿੱਤੀ ਜੋ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ਪਾਕਿਸਤਾਨ ਦਾ ਉਸ ਨਾਲ ਕੋਈ ਮਤਲਬ ਨਹੀਂ ਹੈ।