ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵੱਲੋਂ 2008 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਸਥਾਨਕ ਅਦਾਲਤ ਵੱਲੋਂ ਦਿੱਤੀ ਸਜ਼ਾ ਦਾ ਸਵਾਗਤ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਅਜਿਹਾ ਕਰ ਕੇ ਕੌਮਾਂਤਰੀ ਭਾਈਚਾਰੇ ਨਾਲ ਵਚਨਬੱਧਤਾ ਦੀ ਪੂਰਤੀ ਕੀਤੀ ਹੈ। ਪਾਕਿਸਤਾਨ ਨੇ ਕਿਹਾ ਸੀ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਵੱਖਵਾਦੀ ਤਾਕਤਾਂ ਨੂੰ ਨਹੀਂ ਕਰਨ ਦੇਵੇਗਾ।

ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਨੇ ਕਿਹਾ ਕਿ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਦੇ ਦੋ ਮਾਮਲਿਆਂ 'ਚ 11 ਸਾਲ ਦੀ ਸਜ਼ਾ ਦੇਣ ਦਾ ਸਾਡਾ ਦੇਸ਼ ਸਵਾਗਤ ਕਰਦਾ ਹੈ। ਅਜਿਹੀ ਐੱਫਏਟੀਐੱਫ ਦੀ ਪੈਰਿਸ ਵਿਚ ਹੋਣ ਵਾਲੀ ਮੀਟਿੰਗ ਤੋਂ ਚਾਰ ਦਿਨ ਪਹਿਲੇ ਕੀਤਾ ਗਿਆ ਹੈ। ਪਾਕਿਸਤਾਨ ਨੇ ਇਸ ਮੀਟਿੰਗ ਵਿਚ ਅੱਤਵਾਦੀ ਫੰਡਿੰਗ ਰੋਕਣ ਲਈ ਕੀਤੇ ਕੰਮਾਂ ਦੀ ਜਾਣਕਾਰੀ ਦੇਣੀ ਹੈ ਤਾਂਕਿ ਉਸ ਨੂੰ ਕਾਲੀ ਸੂਚੀ ਵਿਚ ਪਾਏ ਜਾਣ ਨੂੰ ਰੋਕਿਆ ਜਾ ਸਕੇ।

ਦੱਖਣੀ ਅਤੇ ਕੇਂਦਰੀ ਏਸ਼ੀਆ ਬਾਰੇ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੈੱਲਜ਼ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ਼ ਦੇ ਹਿੱਤ ਵਿਚ ਹੈ ਕਿ ਉਹ ਵੱਖਵਾਦੀਆਂ ਨੂੰ ਆਪਣੇ ਦੇਸ਼ ਦੀ ਜ਼ਮੀਨ ਨਾ ਵਰਤਣ ਦੇਣ। ਐਲਿਸ ਨੇ ਟਵੀਟ ਕਰ ਕੇ ਕਿਹਾ ਕਿ ਹਾਫਿਜ਼ ਸਈਦ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਜ਼ਾ ਦੇਣਾ ਪਾਕਿਸਤਾਨ ਦਾ ਇਕ ਚੰਗਾ ਕਦਮ ਹੈ। ਹਾਫਿਜ਼ ਸਈਦ ਨੂੰ ਇਸ ਸਮੇਂ ਲਾਹੌਰ ਦੀ ਕੋਟ ਲੱਖਪਤ ਜੇਲ੍ਹ 'ਚ ਰੱਖਿਆ ਗਿਆ ਹੈ।

ਪਾਕਿਸਤਾਨ ਨੂੰ ਹਾਫਿਜ਼ ਸਈਦ 'ਤੇ ਕਾਰਵਾਈ ਕਰਨ ਲਈ ਇਸ ਕਰ ਕੇ ਮਜਬੂਰ ਹੋਣਾ ਪਿਆ ਕਿਉਂਕਿ ਐੱਫਏਟੀਐੱਫ ਨੇ ਪਿਛਲੇ ਸਾਲ ਉਸ ਨੂੰ ਗ੍ਰੇ ਸੂਚੀ ਵਿਚ ਪਾ ਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਅੱਤਵਾਦੀ ਫੰਡਿੰਗ 'ਤੇ ਕਾਰਵਾਈ ਨਾ ਕੀਤੀ ਤਾਂ ਉਸ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਜਾਏਗਾ। ਦੱਸਣਯੋਗ ਹੈ ਕਿ ਐੱਫਏਟੀਐੱਫ ਦੀ 16 ਤੋਂ 21 ਫਰਵਰੀ ਤਕ ਮੀਟਿੰਗ ਪੈਰਿਸ ਵਿਚ ਹੋ ਰਹੀ ਹੈ।