ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਇਲੀਨੋਇਸ ਸੂਬੇ 'ਚ ਗਰਭਪਾਤ ਕਰਨ ਵਾਲੇ ਇਕ ਡਾਕਟਰ ਦੇ ਘਰੋਂ ਦੋ ਹਜ਼ਾਰ ਤੋਂ ਵੱਧ ਭਰੂਣ ਮਿਲੇ ਹਨ। ਏਨੀ ਵੱਡੀ ਗਿਣਤੀ 'ਚ ਭਰੂਣ ਮਿਲਣ ਨਾਲ ਹਰ ਕੋਈ ਹੈਰਾਨ ਹੈ ਜਿਸ ਡਾਕਟਰ ਦੇ ਘਰੋਂ ਇਹ ਬਰਾਮਦਗੀ ਹੋਈ ਹੈ, ਉਹ ਹੁਣ ਇਸ ਦੁਨੀਆ 'ਚ ਨਹੀਂ ਹੈ।

ਇਲੀਨੋਇਸ ਦੇ ਵਿਲ ਕਾਊਂਟੀ ਨਿਵਾਸੀ ਡਾਕਟਰ ਉਲਰਿਚ ਕਲੋਫਰ ਦੇ ਘਰੋਂ ਭਰੂਣ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਾ ਬੀਤੀ ਤਿੰਨ ਸਤੰਬਰ ਨੂੰ ਦੇਹਾਂਤ ਹੋ ਗਿਆ। ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਘਰ 'ਚ ਭਰੂਣ ਮਿਲਣ 'ਤੇ ਡਾਕਟਰ ਉਲਰਿਚ ਕਲੋਫਰ ਦੇ ਪਰਿਵਾਰਕ ਵਕੀਲ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ।

ਇਸ ਤੋਂ ਬਾਅਦ ਕਲੋਫਰ ਦੇ ਘਰ ਪਹੁੰਚੇ ਅਫਸਰਾਂ ਨੇ ਸੰਭਾਲ ਕੇ ਰੱਖੇ ਗਏ 2246 ਭਰੂਣ ਬਰਾਮਦ ਕੀਤੇ। ਹਾਲਾਂਕਿ ਉਲਰਿਚ ਦੇ ਘਰ 'ਤੇ ਗਰਭਪਾਤ ਕੀਤੇ ਜਾਣ ਦਾ ਕੋਈ ਸਬੂਤ ਨਹੀਂ ਮਿਲਿਆ। ਇੰਡਿਆਨਾ ਰਾਈਟ ਟੂ ਲਾਈਫ ਸੰਗਠਨ ਦੇ ਪ੍ਰਧਾਨ ਮਾਈਕ ਫਿਸ਼ਰ ਨੇ ਕਿਹਾ, 'ਕਲੋਫਰ ਦੇ ਘਰੋਂ ਏਨੀ ਵੱਡੀ ਗਿਣਤੀ 'ਚ ਭਰੂਣ ਮਿਲਣ ਨਾਲ ਅਸੀਂ ਸਹਿਮ ਗਏ ਹਾਂ। ਇਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਅਮਰੀਕਾ 'ਚ ਗਰਭਪਾਤ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ।'

ਕਲੀਨਿਕ ਦਾ ਰੱਦ ਕੀਤਾ ਗਿਆ ਸੀ ਲਾਈਸੈਂਸ

ਕਲੋਫਰ ਇੰਡਿਆਨਾ ਸੂਬੇ ਦੇ ਸਾਊਥ ਬੈਂਡ 'ਚ ਕਲੀਨਿਕ ਚਲਾਉਂਦੇ ਸਨ। ਸੂਬਾਈ ਸਰਕਾਰ ਨੇ ਉਸ ਦੇ ਕਲੀਨਿਕ ਦਾ ਲਾਈਸੈਂਸ 2015 'ਚ ਰੱਦ ਕਰ ਦਿੱਤਾ ਸੀ। ਇਸ ਕਾਰਨ ਕਲੀਨਿਕ ਬੰਦ ਕਰ ਦਿੱਤਾ ਗਿਆ ਸੀ। ਇੰਡਿਆਨਾ ਦੇ ਸਿਹਤ ਵਿਭਾਗ ਨੂੰ ਕਲੀਨਿਕ ਬਾਰੇ ਰੋਗੀਆਂ ਦੇ ਰਜਿਸਟ੍ਰੇਸ਼ਨ ਤੇ ਗਰਭਪਾਤ ਸਬੰਧੀ ਨੀਤੀਆਂ 'ਚ ਗੜਬੜੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ।

ਕੀਤੇ ਹਜ਼ਾਰਾਂ ਗਰਭਪਾਤ

ਸਾਊਥ ਬੈਂਡ ਟਿ੍ਬਿਊਨ ਅਖ਼ਬਾਰ ਮੁਤਾਬਕ, ਕਲੋਫਰ ਨੇ ਕਈ ਦਹਾਕਿਆਂ ਦੌਰਾਨ ਗਰਭਪਾਤ ਦੇ ਹਜ਼ਾਰਾਂ ਆਪਰੇਸ਼ਨ ਕੀਤੇ ਸਨ।