ਵਾਸ਼ਿੰਗਟਨ, ਏਜੰਸੀ : ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਦੇ ਸੱਤ ਸੂਬਿਆਂ 'ਚ ਇਸ ਮਹੀਨੇ ਰੋਜ਼ਾਨਾ ਦੇ ਨਵੇਂ ਮਾਮਲਿਆਂ 'ਚ ਰਿਕਾਰਡ ਪੱਧਰ 'ਤੇ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਤੇ ਵੀ ਮਹਾਮਾਰੀ ਦੀ ਮਾਰ ਪਈ ਹੈ। ਇਨ੍ਹਾਂ ਥਾਵਾਂ 'ਤੇ ਵੀ 88 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪੀੜਤ ਮਿਲ ਚੁੱਕੇ ਹਨ ਤੇ ਤਕਰੀਬਨ 60 ਜਾਨਾਂ ਗਈਆਂ ਹਨ। ਹਾਲਾਂਕਿ ਵਿਸ਼ਵ ਦੇ ਇਸ ਸਭ ਤੋਂ ਤਾਕਤਵਰ ਦੇਸ਼ 'ਚ ਕੌਮੀ ਪੱਧਰ 'ਤੇ ਰੋਜ਼ਾਨਾ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਆ ਰਹੀ ਹੈ। ਅਮਰੀਕਾ 'ਚ ਹੁਣ ਤਕ ਕੁੱਲ 67 ਲੱਖ 50 ਹਜ਼ਾਰ ਕੋਰੋਨਾ ਦੇ ਮਰੀਜ਼ ਮਿਲੇ ਹਨ। ਤਕਰੀਬਨ ਇਕ ਲੱਖ 99 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ।


ਖ਼ਬਰ ਏਜੰਸੀ ਰਾਈਟਰ ਦੇ ਵਿਸ਼ਲੇਸ਼ਣ ਅਨੁਸਾਰ ਅਮਰੀਕਾ 'ਚ ਇਸ ਮਹੀਨੇ ਰੋਜ਼ਾਨਾ ਔਸਤਨ ਕਰੀਬ 35 ਹਜ਼ਾਰ ਨਵੇਂ ਮਰੀਜ਼ ਮਿਲੇ ਹਨ ਜਦਕਿ ਜੁਲਾਈ 'ਚ ਰੋਜ਼ਾਨਾ ਕਰੀਬ 70 ਹਜ਼ਾਰ ਪਾਜ਼ੇਟਿਵ ਕੇਸ ਆਏ ਸਨ। ਸਤੰਬਰ 'ਚ ਸੱਤ ਅਮਰੀਕੀ ਸੂਬਿਆਂ ਇਲੀਨੋਇਸ, ਅਰਕਾਂਸਸ, ਨਾਰਥ ਡਕੋਟਾ, ਦੱਖਣੀ ਕੈਰੋਲੀਨਾ, ਪੱਛਮੀ ਵਰਜੀਨੀਆ, ਵਿਸਕਾਂਸਿਨ ਤੇ ਵਿਅੋਮਿੰਗ 'ਚ ਰੋਜ਼ਾਨਾ ਦੇ ਨਵੇਂ ਮਾਮਲਿਆਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਹਾਲਾਂਕਿ ਅਮਰੀਕਾ 'ਚ ਮਹਾਮਾਰੀ ਦਾ ਕੇਂਦਰ ਬਣੇ ਕੈਲੇਫੋਰਨੀਆ, ਫਲੋਰੀਡਾ ਅਤੇ ਟੈਕਸਾਸ 'ਚ ਨਵੇਂ ਮਾਮਲਿਆਂ 'ਚ ਕਮੀ ਆ ਰਹੀ ਹੈ। ਕੈਲੇਫੋਰਨੀਆ 'ਚ ਸੱਤ ਲੱਖ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ ਜਦਕਿ ਟੈਕਸਾਸ 'ਚ ਛੇ ਲੱਖ 90 ਹਜ਼ਾਰ ਅਤੇ ਫਲੋਰੀਡਾ 'ਚ ਕਰੀਬ ਛੇ ਲੱਖ 60 ਹਜ਼ਾਰ ਮਾਮਲੇ ਆਏ ਹਨ।


ਆਸਟ੍ਰੇਲੀਆ 'ਚ ਸਰੀਰਕ ਦੂਰੀ ਦੇ ਨਿਯਮਾਂ 'ਚ ਹੋਵੇਗੀ ਢਿੱਲ


ਆਸਟ੍ਰੇਲੀਆ 'ਚ 13 ਜੁਲਾਈ ਤੋਂ ਬਾਅਦ ਪਹਿਲੀ ਵਾਰ ਪਿਛਲੇ 24 ਘੰਟਿਆਂ 'ਚ ਕਿਸੇ ਕੋਰੋਨਾ ਪੀੜਤ ਦੀ ਮੌਤ ਨਹੀਂ ਹੋਈ। ਹਾਲਾਂਕਿ ਮੰਗਲਵਾਰ ਨੂੰ 50 ਨਵੇਂ ਮਾਮਲੇ ਆਏ। ਇਨ੍ਹਾਂ 'ਚੋਂ ਜ਼ਿਆਦਾਤਰ ਵਿਕਟੋਰੀਆ ਸੂਬੇ 'ਚ ਆਏ ਹਨ। ਵਿਕਟੋਰੀਆ ਦੇ ਪ੍ਰੀਮੀਆਰ ਡੇਨੀਅਲ ਐਂਡਰਿਊ ਨੇ ਕਿਹਾ ਕਿ ਸੂਬੇ ਦੇ ਕਈ ਇਲਾਕਿਆਂ 'ਚ ਨਵੇਂ ਮਾਮਲਿਆਂ 'ਚ ਕਮੀ ਆਉਣ ਕਾਰਨ ਬੁੱਧਵਾਰ ਤੋਂ ਸਰੀਰਕ ਦੂਰੀ ਦੇ ਨਿਯਮਾਂ 'ਚ ਢਿੱਲ ਦਿੱਤੀ ਜਾਵੇਗੀ।


ਇੱਥੇ ਰਿਹਾ ਇਹ ਹਾਲ


ਹਾਂਗਕਾਂਗ : ਕੋਰੋਨਾ ਦੇ ਨਵੇਂ ਮਾਮਲੇ ਨਾ ਮਿਲਣ 'ਤੇ ਪਾਬੰਦੀਆਂ 'ਚ ਸ਼ੁੱਕਰਵਾਰ ਤੋਂ ਢਿੱਲ ਦਿੱਤੀ ਜਾਵੇਗੀ। ਮਨੋਰੰਜਨ ਵਾਲੇ ਸਥਾਨਾਂ ਨੂੰ ਖੋਲ੍ਹਣ ਦੀ ਵੀ ਇਜਾਜ਼ਤ ਮਿਲੇਗੀ।


ਸਿੰਗਾਪੁਰ : 34 ਨਵੇਂ ਮਰੀਜ਼ ਆਉਣ 'ਤੇ ਕੇਸਾਂ ਦਾ ਅੰਕੜਾ 57 ਹਜ਼ਾਰ 488 ਹੋ ਗਿਆ ਹੈ। ਇਨ੍ਹਾਂ 'ਚੋਂ 58 ਹਜ਼ਾਰ 802 ਕੋਰੋਨਾ ਤੋਂ ਉੱਭਰ ਗਏ ਹਨ।


ਇਜ਼ਰਾਈਲ : ਮਹਾਮਾਰੀ ਵਧਣ 'ਤੇ ਦੇਸ਼ 'ਚ ਸ਼ੁੱਕਰਵਾਰ ਤੋਂ ਦੂਜੀ ਵਾਰ ਲਾਕਡਾਊਨ ਲਾ ਦਿੱਤਾ ਜਾਵੇਗਾ। ਇੱਥੇ ਰੋਜ਼ਾਨਾ ਔਸਤ ਚਾਰ ਹਜ਼ਾਰ ਨਵੇਂ ਕੇਸ ਆ ਰਹੇ ਹਨ।


ਰੂਸ : 5,529 ਨਵੇਂ ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ ਦਸ ਲੱਖ 73 ਹਜ਼ਾਰ ਹੋ ਗਈ ਹੈ। ਕੁੱਲ 18 ਹਜ਼ਾਰ 785 ਮੌਤਾਂ ਹੋਈਆਂ ਹਨ।