ਏਜੰਸੀਆਂ, ਵਾਸ਼ਿੰਗਟਨ : ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣ ਦੇ ਅਗਲੇ ਹੀ ਦਿਨ ਸੈਨੇਟਰ ਕਮਲਾ ਹੈਰਿਸ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਭੜਕ ਪਈ। ਉਨ੍ਹਾਂ ਕਿਹਾ ਕਿ ਦੇਸ਼ ਅਗਵਾਈ ਲਈ ਰੋ ਰਿਹਾ ਹੈ। ਇਸ ਸਮੇਂ ਸਾਡੇ ਕੋਲ ਇਕ ਅਜਿਹਾ ਰਾਸ਼ਟਰਪਤੀ ਹੈ ਜਿਸ ਨੂੰ ਆਮ ਲੋਕਾਂ ਤੋਂ ਜ਼ਿਆਦਾ ਆਪਣੀ ਚਿੰਤਾ ਹੁੰਦੀ ਹੈ।

ਕੋਰੋਨਾ ਇਨਫੈਕਸ਼ਨ ਦੌਰਾਨ ਮਾੜੇ ਪ੍ਰਬੰਧਾਂ ਅਤੇ ਨਸਲੀ ਅਸ਼ਾਂਤੀ ਲਈ ਟਰੰਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਹੈਰਿਸ ਆਪਣੀ ਨਵੀਂ ਭੂਮਿਕਾ ਦਾ ਇਤਿਹਾਸਕ ਮਹੱਤਵ ਦੱਸਣਾ ਨਹੀਂ ਭੁੱਲੀ। ਉਮੀਦਵਾਰ ਬਣਾਏ ਜਾਣ ਪਿੱਛੋਂ ਹੈਰਿਸ ਨੇ ਬੁੱਧਵਾਰ ਨੂੰ ਵਿਲੀਮਿੰਗਟਨ ਵਿਚ ਪਹਿਲੀ ਵਾਰ ਬਿਡੇਨ ਨਾਲ ਲੋਕਾਂ ਨੂੰ ਸੰਬੋਧਨ ਕੀਤਾ। ਕੋਰੋਨਾ ਕਾਰਨ ਇਸ ਪ੍ਰਰੋਗਰਾਮ ਵਿਚ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਬਿਡੇਨ ਅਤੇ ਹੈਰਿਸ ਮੰਚ 'ਤੇ ਮਾਸਕ ਵਿਚ ਨਜ਼ਰ ਆਏ ਅਤੇ ਪੱਤਰਕਾਰਾਂ ਦੇ ਇਕ ਸਮੂਹ ਨੂੰ ਸੰਬੋਧਨ ਕੀਤਾ। ਦੋਵਾਂ ਨੇ ਕਸਮ ਖਾਧੀ ਕਿ ਉਹ ਟਰੰਪ ਨੂੰ ਹਟਾ ਦੇਣਗੇ।

55 ਸਾਲਾਂ ਦੀ ਹੈਰਿਸ ਨੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਉਨ੍ਹਾਂ ਦੇ ਰੂਪ ਵਿਚ ਪਹਿਲੀ ਵਾਰ ਇਕ ਸਿਆਹਫਾਮ ਅੌਰਤ ਉਮੀਦਵਾਰ ਦੀ ਚੋਣ ਕਰ ਕੇ ਇਹ ਦੱਸ ਦਿੱਤਾ ਹੈ ਕਿ ਦੇਸ਼ ਕਿਸ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਅਜਿਹਾ ਕਰ ਕੇ ਉਨ੍ਹਾਂ ਨੇ ਸਮਾਨਤਾ ਅਤੇ ਨਿਆਂ ਲਈ ਸੰਘਰਸ਼ ਕਰ ਰਹੇ ਅਮਰੀਕਾ ਦੇ ਭਾਵੀ ਇਤਿਹਾਸ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਬਿਡੇਨ ਅਜਿਹੇ ਇਕੱਲੇ ਵਿਅਕਤੀ ਹਨ ਜਿਨ੍ਹਾਂ ਨੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਨਾਲ ਕੰਮ ਕੀਤਾ ਅਤੇ ਹੁਣ ਆਪਣੇ ਸਹਿਯੋਗੀ ਦੇ ਰੂਪ ਵਿਚ ਪਹਿਲੀ ਸਿਆਹਫਾਮ ਅੌਰਤ ਦੀ ਚੋਣ ਕੀਤੀ ਹੈ। ਹੈਰਿਸ ਰਾਸ਼ਟਰਪਤੀ ਟਰੰਪ ਦੀਆਂ ਨਾਕਾਮੀਆਂ ਦੀ ਪੂਰੀ ਸੂਚੀ ਲੈ ਕੇ ਆਈ ਸੀ। ਉਨ੍ਹਾਂ ਕਿਹਾ ਕਿ ਦੇਖ ਲਉ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਅਜਿਹੇ ਸ਼ਖ਼ਸ ਨੂੰ ਚੁਣ ਲੈਂਦੇ ਹਾਂ ਜੋ ਕਾਬਿਲ ਨਹੀਂ ਹੁੰਦਾ। ਸਾਡਾ ਦੇਸ਼ ਅੰਦਰੂਨੀ ਤੌਰ 'ਤੇ ਵੰਡ ਗਿਆ, ਦੁਨੀਆ ਵਿਚ ਸਾਡੇ ਮਾਣ ਨੂੰ ਸੱਟ ਵੱਜੀ।

ਟਰੰਪ-ਪੈਂਸ ਨੇ ਸਭ ਤਬਾਹ ਕਰ ਦਿੱਤਾ

ਹੈਰਿਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਕਾਬਲੀਅਤ ਜੱਗ ਜ਼ਾਹਿਰ ਹੈ। ਇਸ ਜੋੜੀ ਨੇ ਕਈ ਖੇਤਰਾਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ਨੇ ਸਾਨੂੰ ਕਿੱਥੇ ਲਿਆ ਕੇ ਸੁੱਟ ਦਿੱਤਾ। ਇਕ ਕਰੋੜ 60 ਲੱਖ ਲੋਕਾਂ ਦੀ ਨੌਕਰੀ ਚਲੀ ਗਈ। ਲੱਖਾਂ ਬੱਚੇ ਵਾਪਸ ਸਕੂਲਾਂ ਵਿਚ ਨਹੀਂ ਗਏ। ਹਰ ਪੰਜ ਵਿੱਚੋਂ ਇਕ ਮਾਂ ਗ਼ਰੀਬੀ ਅਤੇ ਭੁੱਖ ਨਾਲ ਜੂਝ ਰਹੀ ਹੈ। ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹ ਹੈ ਕਿ 1,65,000 ਲੋਕ ਸਮੇਂ ਤੋਂ ਪਹਿਲਾਂ ਦੁਨੀਆ ਛੱਡ ਗਏ। ਇਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਆਪਣਿਆਂ ਨੂੰ ਅਲਵਿਦਾ ਕਹਿਣ ਦਾ ਵੀ ਮੌਕਾ ਨਹੀਂ ਮਿਲਿਆ।

ਹੈਰਿਸ ਨੇ ਅੱਗੇ ਕਿਹਾ ਕਿ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਛੇ ਸਾਲ ਪਹਿਲੇ ਬਰਾਕ ਓਬਾਮਾ ਅਤੇ ਜੋ ਬਿਡੇਨ ਦੇ ਕਾਰਜਕਾਲ ਵਿਚ ਇਬੋਲਾ ਵਾਇਰਸ ਦਾ ਇਨਫੈਕਸ਼ਨ ਫੈਲਿਆ ਸੀ। ਤਦ ਸਿਰਫ਼ ਦੋ ਲੋਕਾਂ ਦੀ ਮੌਤ ਹੋਈ ਸੀ। ਯੋਗ ਅਗਵਾਈ ਇਸੇ ਨੂੰ ਕਹਿੰਦੇ ਹਨ। ਉਧਰ, ਟਰੰਪ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ। ਉਨ੍ਹਾਂ ਨੇ ਇਸ ਨੂੰ ਕਦੇ ਵੀ ਗੰਭੀਰਤਾ ਨਾਲ ਲਿਆ ਹੀ ਨਹੀਂ। ਉਹ ਮਾਹਿਰਾਂ ਤੋਂ ਜ਼ਿਆਦਾ ਜਾਣਨ ਦਾ ਭਰਮ ਪਾਲਦੇ ਰਹੇ। ਟਰੰਪ ਕਾਰਨ ਮਹਾਮਾਰੀ ਪੂਰੇ ਦੇਸ਼ ਵਿਚ ਬੁਰੀ ਤਰ੍ਹਾਂ ਫੈਲ ਚੁੱਕੀ ਹੈ। ਹਰ 80 ਸਕਿੰਟਾਂ ਵਿਚ ਇਕ ਅਮਰੀਕੀ ਦੀ ਮੌਤ ਹੋ ਰਹੀ ਹੈ। ਇਸ ਨਾਲ ਦੇਸ਼ 1929 ਦੀ ਮਹਾਮੰਦੀ ਵਰਗੇ ਸੰਕਟ ਵਿਚ ਿਘਰ ਗਿਆ ਹੈ।

ਹਰ ਆਵਾਜ਼ ਸੁਣੀ ਜਾਏਗੀ

ਹੈਰਿਸ ਨੇ ਕਿਹਾ ਕਿ ਇਹ ਚੋਣ ਸਿਰਫ਼ ਟਰੰਪ ਅਤੇ ਪੈਂਸ ਨੂੰ ਹਰਾਉਣ ਲਈ ਨਹੀਂ ਹੈ। ਇਹ ਦੇਸ਼ ਨੂੰ ਫਿਰ ਤੋਂ ਖੜ੍ਹਾ ਕਰਨ, ਬਿਹਤਰ ਬਣਾਉਣ ਦਾ ਸਮਾਂ ਹੈ ਅਤੇ ਅਸੀਂ ਇਹੀ ਕਰਾਂਗੇ। ਅਸੀਂ ਲੱਖਾਂ ਨਵੀਆਂ ਨੌਕਰੀਆਂ ਪੈਦਾ ਕਰਾਂਗੇ, ਜਲਵਾਯੂ ਪਰਿਵਰਤਨ ਖ਼ਿਲਾਫ਼ ਲੜਾਂਗੇ। ਅਸੀਂ ਅੌਰਤ ਅਧਿਕਾਰਾਂ ਦੀ ਰੱਖਿਆ ਕਰਾਂਗੇ। ਅਸੀਂ ਨਸਲਵਾਦ ਨੂੰ ਜੜ੍ਹ ਤੋਂ ਉਖਾੜ ਸੁੱਟਾਂਗੇ। ਅਸੀਂ ਨਿਸ਼ਚਿਤ ਕਰਾਂਗੇ ਕਿ ਹਰ ਆਵਾਜ਼ ਸੁਣੀ ਜਾਏ, ਗਿਣੀ ਜਾਏ।

ਹੈਰਿਸ ਨੂੰ ਹੀ ਕਿਉਂ ਚੁਣਿਆ

ਇਸ ਮੌਕੇ 77 ਸਾਲਾਂ ਦੇ ਬਿਡੇਨ ਨੇ ਹੈਰਿਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਬਾਖ਼ੂਬੀ ਜਾਣਦੀ ਹੈ ਕਿ ਸਖ਼ਤ ਫ਼ੈਸਲੇ ਕਿਵੇਂ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੈਰਿਸ ਅਤੇ ਮੈਂ ਚੁਣੇ ਜਾਂਦੇ ਹਾਂ ਤਾਂ ਸਾਨੂੰ ਵਿਰਾਸਤ ਵਿਚ ਇਕ ਵੰਡਿਆ ਹੋਇਆ ਦੇਸ਼ ਅਤੇ ਬੇਤਰਤੀਬ ਦੁਨੀਆ ਮਿਲੇਗੀ। ਅਜਿਹੇ ਸਮੇਂ ਅਸੀਂ ਇਕ ਮਿੰਟ ਵੀ ਬਰਬਾਦ ਨਹੀਂ ਕਰ ਸਕਦੇ। ਇਹੀ ਉਹ ਕਾਰਨ ਹੈ ਜਿਸ ਕਾਰਨ ਮੈਂ ਹੈਰਿਸ ਨੂੰ ਚੁਣਿਆ। ਹੈਰਿਸ ਪਹਿਲੇ ਦਿਨ ਤੋਂ ਹੀ ਜੂਝਣ ਲਈ ਤਿਆਰ ਹੈ।

ਹੈਰਿਸ ਦੇ ਨਾਂ 'ਤੇ ਧਨ ਦੀ ਬਾਰਿਸ਼

ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਪਿੱਛੋਂ ਪਾਰਟੀ ਨੂੰ ਮਿਲਣ ਵਾਲੇ ਚੋਣ ਚੰਦੇ ਵਿਚ ਤੇਜ਼ੀ ਆ ਗਈ ਹੈ। 24 ਘੰਟਿਆਂ ਅੰਦਰ ਪਾਰਟੀ ਨੂੰ 2.6 ਕਰੋੜ ਡਾਲਰ (ਕਰੀਬ 394 ਕਰੋੜ ਰੁਪਏ) ਦਾ ਫੰਡ ਮਿਲਿਆ ਹੈ। ਬਿਡੇਨ ਦੀ ਕੰਪੇਨ ਟੀਮ ਨੇ ਦੱਸਿਆ ਕਿ ਇਹ ਰਾਸ਼ੀ ਪਹਿਲੇ ਇਕ ਦਿਨ ਵਿਚ ਮਿਲਣ ਵਾਲੀ ਰਕਮ ਤੋਂ ਦੋਗੁਣੀ ਹੈ।

ਕਮਲਾ ਨੂੰ ਪਾਰਟੀ 'ਚ ਭਾਰੀ ਸਮਰਥਨ

ਰਾਇਟਰ ਦੇ ਇਕ ਸਰਵੇ ਅਨੁਸਾਰ 10 ਵਿੱਚੋਂ ਨੌਂ ਡੈਮੋਕਰੇਟ ਨੇ ਹੈਰਿਸ ਦੀ ਚੋਣ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਇਕ ਚੋਣ ਸਰਵੇ ਵਿਚ ਬਿਡੇਨ ਦਾ ਸਮਰਥਨ ਵੱਧਦਾ ਦਿਖਾਇਆ ਗਿਆ ਹੈ। ਸੋਮਵਾਰ ਨੂੰ ਬਿਡੇਨ ਨੂੰ 6.9 ਫ਼ੀਸਦੀ ਦੀ ਬੜ੍ਹਤ ਹਾਸਲ ਸੀ ਜੋ ਬੁੱਧਵਾਰ ਨੂੰ ਵੱਧ ਕੇ 7.3 ਹੋ ਗਈ।