ਨਿਊਯਾਰਕ (ਪੀਟੀਆਈ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ਨੂੰ ਨਵੇਂ ਸਿਰੇ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਭਾਰਤ 'ਚ ਸਾਰੇ ਨਿਵੇਸ਼ਕਾਂ ਤੇ ਸਨਅਤਾਂ ਦੇ ਹਿੱਤਧਾਰਕਾਂ ਲਈ ਕਾਫੀ ਮੌਕੇ ਹਨ। ਉਹ ਸ਼ਨਿਚਰਵਾਰ ਨੂੰ ਫਿੱਕੀ ਤੇ ਅਮਰੀਕਾ-ਭਾਰਤ ਸਟ੍ਰੈਟਜਿਕ ਫੋਰਮ ਵੱਲੋਂ ਕਰਵਾਈ ਬੈਠਕ 'ਚ ਸਨਅਤ ਜਗਤ ਦੇ ਦਿੱਗਜਾਂ ਤੇ ਨਿਵੇਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ। ਦੱਸਣਯੋਗ ਹੈ ਕਿ ਵਿੱਤ ਮੰਤਰੀ ਵਾਸ਼ਿੰਗਟਨ ਡੀਸੀ ਦੀ ਆਪਣੀ ਯਾਤਰਾ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੱਥੇ ਪੁੱਜੇ। ਵਾਸ਼ਿੰਗਟਨ ਡੀਸੀ 'ਚ ਉਨ੍ਹਾਂ ਵਿਸ਼ਵ ਬੈਂਕ ਤੇ ਕੌਮਾਂਤਰੀ ਕਰੰਸੀ ਫੰਡ ਦੀਆਂ ਸਾਲਾਨਾ ਬੈਠਕਾਂ 'ਚ ਹਿੱਸਾ ਲਿਆ।

ਵਿੱਤ ਮੰਤਰੀ ਨੇ ਕਿਹਾ ਕਿ ਭਾਰਤ 'ਚ ਸਟਾਰਟਅਪ ਕੰਪਨੀਆਂ ਕਾਫੀ ਤੇਜ਼ੀ ਨਾਲ ਵਧੀਆਂ ਹਨ ਤੇ ਹੁਣ ਇਨ੍ਹਾਂ 'ਚੋਂ ਕਈ ਪੂੰਜੀ ਬਾਜ਼ਾਰ ਤੋਂ ਪੈਸਾ ਹਾਸਲ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਚੁਣੌਤੀਪੂਰਨ ਸਮੇਂ 'ਚ ਵੀ ਡਿਜੀਟਲੀਕਰਨ ਦਾ ਪੂਰਾ ਲਾਭ ਉਠਾਇਆ ਹੈ। ਵਿੱਤ ਮੰਤਰੀ ਨੇ ਟਵੀਟ ਕਰ ਕੇ ਸੀਤਾਰਮਨ ਦੇ ਹਵਾਲੇ ਨਾਲ ਕਿਹਾ ਕਿ ਵਿੱਤੀ ਖੇਤਰ 'ਚ ਤਕਨੀਕ ਕਾਰਨ ਵਿੱਤੀ ਤਾਲਮੇਲ ਨੂੰ ਉਤਸ਼ਾਹ ਮਿਲ ਰਿਹਾ ਹੈ। ਵਿੱਤੀ ਤਕਨੀਕ ਤੇ ਆਧਾਰਿਤ ਕੰਪਨੀਆਂ ਇਸ 'ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਵਿੱਤ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਾਸਟਰ ਕਾਰਡ ਦੇ ਅਜੇ ਬੰਗਾ ਨੇ ਕਿਹਾ ਕਿ ਭਾਰਤ ਆਪਣੇ ਸੁਧਾਰਾਂ ਕਾਰਨ ਮਜ਼ਬੂਤ ਰਾਹ 'ਤੇ ਹੈ। ਉੁਨ੍ਹਾਂ ਕਿਹਾ, 'ਮੈਂ ਖ਼ਾਸ ਤੌਰ 'ਤੇ ਉਤਪਾਦਨ ਆਧਾਰਿਤ ਉਤਸ਼ਾਹ (ਪੀਐੱਲਆਈ) ਯੋਜਨਾ ਤੋਂ ਕਾਫੀ ਪ੍ਰਭਾਵਿਤ ਹਾਂ।'

ਮਜ਼ਬੂਤੀ ਨਾਲ ਪਟੜੀ 'ਤੇ ਪਰਤ ਰਿਹੈ ਅਰਥਚਾਰਾ : ਮੁਰਲੀਧਰਨ

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਭਾਰਤੀ ਅਰਥਚਾਰਾ ਮਜ਼ਬੂਤੀ ਨਾਲ ਪਟੜੀ 'ਤੇ ਪਰਤ ਰਿਹਾ ਹੈ ਤੇ ਘਰੇਲੂ ਖਪਤ ਵੱਧ ਰਹੀ ਹੈ। ਇਸ ਤੋਂ ਇਲਾਵਾ ਸਨਅਤੀ ਉਤਪਾਦਨ ਕੋਰੋਨਾ ਦੇ ਪਹਿਲੇ ਪੱਧਰ 'ਤੇ ਹੈ। ਮੁਰਲੀਧਰਨ ਨੇ ਕਿਹਾ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਸੁਧਾਰ, ਯੋਜਨਾਵਾਂ ਨੂੰ ਲਾਗੂ ਕਰਨ ਤੇ ਬਦਲਾਅ ਦੇ ਮੰਤਰ ਨਾਲ ਲੰਬੇ ਸਮੇਂ ਦੇ ਢਾਂਚਾਗਤ ਸੁਧਾਰ ਕੀਤੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ 'ਚ ਡਿਜੀਟਲ ਤਰੀਕੇ ਨਾਲ ਲੈਣ-ਦੇਣ ਤੋਂ ਲੈ ਕੇ ਬੈਂਕਿੰਗ ਸੁਧਾਰ, ਭਿ੍ਸ਼ਟਾਚਾਰ 'ਤੇ ਰੋਕ, ਮਹਿੰਗਾਈ ਰੋਕਣਾ ਆਦਿ ਸ਼ਾਮਲ ਹੈ। ਅਸੀਂ ਹਰ ਖੇਤਰ 'ਚ ਰਚਨਾਤਮਕਤਾ ਤੇ ਨਵੀਆਂ ਤਕਨੀਕਾਂ ਨੂੰ ਬੜ੍ਹਾਵਾ ਦੇ ਰਹੇ ਹਾਂ।