ਵਾਸ਼ਿੰਗਟਨ (ਏਜੰਸੀਆਂ) : ਰਾਸ਼ਟਰਪਤੀ ਜੋਅ ਬਾਇਡਨ ਨੇ 1.9 ਟਿ੍ਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ ਸ਼ੁੱਕਰਵਾਰ ਨੂੰ ਇਕ ਕਦਮ ਹੋਰ ਅੱਗੇ ਵਧਾਇਆ। ਅਮਰੀਕੀ ਸੈਨੇਟ ਨੇ ਬਿੱਲ ਨਾਲ ਜੁੜੇ ਬਜਟ ਦੇ ਖਾਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵੈਸੇ ਤਾਂ ਨੁਮਾਇੰਦਗੀ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ ਪਰ ਸੈਨੇਟ ਵੱਲੋਂ ਇਸ 'ਚ ਕਈ ਸੋਧਾਂ ਕੀਤੀਆਂ ਗਈਆਂ ਹਨ। ਅਜਿਹੇ 'ਚ ਇਸ ਨੂੰ ਸੋਧਾਂ ਨਾਲ ਪ੍ਰਤੀਨਿਧੀ ਸਭਾ ਤੋਂ ਇਕ ਵਾਰ ਮੁੜ ਤੋਂ ਮਨਜ਼ੂਰੀ ਲੈਣੀ ਪਵੇਗੀ। ਦੂਜੇ ਪਾਸੇ, ਰੋਮਨ ਕੈਥੋਲਿਕ ਚਰਚ ਨੇ ਕੋਰੋਨਾ ਵੈਕਸੀਨ ਦੀ ਬਰਾਬਰ ਵੰਡ ਲਈ ਸੁਰੱਖਿਆ ਪ੍ਰਰੀਸ਼ਦ ਦੀ ਬੈਠਕ ਬੁਲਾਏ ਜਾਣ ਦੀ ਬੇਨਤੀ ਕੀਤੀ ਹੈ। ਚਰਚ ਨੇ ਕਿਹਾ, 'ਮਹਾਮਾਰੀ ਪੂਰੇ ਸਮਾਜ ਲਈ ਖ਼ਤਰਾ ਹੈ। ਜੇ ਟੀਕੇ ਦੀ ਵਰਤੋਂ ਸੌੜੀ ਸੋਚ ਨਾਲ ਕੀਤੀ ਗਈ ਤਾਂ ਆਰਥਿਕ ਤੌਰ 'ਤੇ ਕਮਜ਼ੋਰ ਦੇਸ਼ਾਂ 'ਤੇ ਇਸਦਾ ਸਭ ਤੋਂ ਗੰਭੀਰ ਅਸਰ ਪਵੇਗਾ।'

ਕੋਰੋਨਾ ਨਾਲ ਜੁੜੇ ਬਿੱਲ ਦੇ ਬਜਟ ਖਾਕੇ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੈਨੇਟ 'ਚ ਨਾ ਸਿਰਫ 15 ਘੰਟੇ ਬਹਿਸ ਹੋਈ ਬਲਕਿ ਦਰਜਨਾਂ ਸੋਧਾਂ 'ਤੇ ਵੋਟਿੰਗ ਵੀ ਹੋਈ। ਹਾਲਾਂਕਿ ਜਦੋਂ ਆਖ਼ਰੀ ਵਾਰ ਵੋਟਿੰਗ ਹੋਈ ਤਾਂ ਦੋਵੇਂ ਪੱਖਾਂ ਨੂੰ 50-50 ਵੋਟਾਂ ਮਿਲੀਆਂ। ਇਹ ਅੜਿੱਕਾ ਉਸ ਸਮੇਂ ਟੁੱਟਾ ਜਦੋਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕ੍ਰੇਟ ਦੇ ਪੱਖ 'ਚ ਵੋਟ ਪਾਈ। ਸੈਨੇਟ 'ਚ ਬਹੁਮਤ ਦਲ ਦੇ ਨੇਤਾ ਚਕ ਸ਼ੂਮਰ ਨੇ ਕਿਹਾ ਕਿ ਕੋਰੋਨਾ ਰਾਹਤ ਬਿੱਲ ਨੂੰ ਪਾਸ ਕਰਨ ਦੀ ਦਿਸ਼ਾ 'ਚ ਇਹ ਇਕ ਬਹੁਤ ਵੱਡਾ ਕਦਮ ਹੈ। ਇਸ ਬਿੱਲ ਨੂੰ ਬਾਇਡਨ ਨੇ ਆਪਣੇ ਏਜੰਡੇ 'ਚ ਤਰਜੀਹ ਦਿੱਤੀ ਹੈ।

ਇੱਥੇ ਇਹ ਰਿਹਾ ਹਾਲ

-ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ 'ਚ 915 ਲੋਕਾਂ ਦੀ ਮੌਤ ਹੋਈ ਤੇ 20634 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

-ਆਕਸਫੋਰਡ ਨੇ ਕਿਹਾ ਕਿ ਐਸਟ੍ਰਾਜੇਨੇਕਾ ਕੋਰੋਨਾ ਵੈਕਸੀਨ ਬਰਤਾਨੀਆ 'ਚ ਮਿਲੇ ਕੋਰੋਨਾ ਵੈਰੀਐਂਟ ਖ਼ਿਲਾਫ਼ ਵੀ ਕਾਰਗਰ ਹੈ।

-ਪਿਛਲੇ 24 ਘੰਟਿਆਂ ਦੌਰਾਨ ਬ੍ਰਾਜ਼ੀਲ 'ਚ 56873 ਲੋਕ ਇਨਫੈਕਟਿਡ ਹੋਏ ਹਨ ਤੇ 1232 ਲੋਕਾਂ ਦੀ ਮੌਤ ਹੋਈ ਹੈ।