ਵਾਸ਼ਿੰਗਟਨ (ਏਜੰਸੀਆਂ) : ਦੁਨੀਆ ਵਿਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਵਿਚ ਹੁਣ ਤਕ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦੇ ਦਿੱਤੀ ਗਈ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਤਕ ਦੋ ਕਰੋੜ ਲੋਕਾਂ ਨੂੰ ਕੋਰੋਨਾ ਖ਼ਿਲਾਫ਼ ਟੀਕਾ ਲਗਾ ਦਿੱਤਾ ਜਾਵੇਗਾ। ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਦੇ ਡਾਇਰੈਕਟਰ ਰਾਬਰਟ ਰੈੱਡਫੀਲਡ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਗਈ ਹੈ। ਇਹ ਆਰੰਭਿਕ ਪ੍ਰੰਤੂ ਅਹਿਮ ਉਪਲੱਬਧੀ ਹੈ।

ਅਮਰੀਕਾ ਵਿਚ ਫਾਈਜ਼ਰ ਅਤੇ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ। ਦੇਸ਼ ਵਿਚ 14 ਦਸੰਬਰ ਤੋਂ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਉਧਰ, ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਸਹੀ ਦਿਸ਼ਾ ਵਿਚ ਚੱਲ ਰਹੀ ਹੈ। ਜਨਵਰੀ ਦੇ ਪਹਿਲੇ ਹਫ਼ਤੇ ਤਕ ਦੋ ਕਰੋੜ ਲੋਕਾਂ ਨੂੰ ਟੀਕਾ ਲਗਾ ਦਿੱਤੇ ਜਾਣ ਦੀ ਉਮੀਦ ਹੈ ਜਦਕਿ ਟੀਕਾ ਵੰਡ ਮੁਹਿੰਮ ਦੇ ਮੁਖੀ ਜਨਰਲ ਗੁਸਤਾਵ ਪਰਨਾ ਨੇ ਦੱਸਿਆ ਕਿ ਦੇਸ਼ ਭਰ ਵਿਚ ਸੂਬਿਆਂ ਲਈ ਅਜੇ ਤਕ ਵੈਕਸੀਨ ਦੀਆਂ ਇਕ ਕਰੋੜ 55 ਲੱਖ ਖ਼ੁਰਾਕਾਂ ਭੇਜੀਆਂ ਗਈਆਂ ਹਨ। ਸਾਲ ਦੇ ਅਖੀਰ ਤਕ ਹੋਰ ਕਰੀਬ 50 ਲੱਖ ਖ਼ੁਰਾਕਾਂ ਭੇਜ ਦਿੱਤੀਆਂ ਜਾਣਗੀਆਂ।

ਨਵੇਂ ਕੋਰੋਨਾ ਖ਼ਿਲਾਫ਼ ਪ੍ਰਭਾਵੀ ਰਹੇਗੀ ਮਾਡਰਨਾ ਵੈਕਸੀਨ

ਅਮਰੀਕੀ ਫਾਰਮਾ ਕੰਪਨੀ ਮਾਡਰਨਾ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਬਿ੍ਟੇਨ ਵਿਚ ਮਿਲੇ ਨਵੀਂ ਕਿਸਮ ਦੇ ਕੋਰੋਨਾ ਖ਼ਿਲਾਫ਼ ਉਸ ਦੀ ਵੈਕਸੀਨ ਪ੍ਰਭਾਵੀ ਰਹੇਗੀ। ਮਾਡਰਨਾ ਨੇ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੀ ਵੈਕਸੀਨ ਕੋਰੋਨਾ ਦੇ ਨਵੇਂ ਵੈਰੀਏਂਟ ਖ਼ਿਲਾਫ਼ ਸੁਰੱਖਿਅਤ ਹੋਵੇਗੀ। ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਨਵੇਂ ਵੈਰੀਏਂਟ ਖ਼ਿਲਾਫ਼ ਆਪਣੀ ਵੈਕਸੀਨ ਦੇ ਪ੍ਰਭਾਵ ਨੂੰ ਵੇਖਣ ਲਈ ਤਜਰਬੇ ਵੀ ਕਰੇਗੀ।