ਵਾਸ਼ਿੰਗਟਨ (ਏਜੰਸੀ) : ਉੱਤਰੀ ਧਰੂਵ 'ਚ ਇਗਲੂ ਥੀਮ 'ਤੇ ਬਣੇ ਮੂਵੇਬਲ ਹੋਟਲ 'ਚ ਰਹਿਣਾ ਅਦਭੁਤ ਅਨੁਭਵ ਹੋਵੇਗਾ। ਇਹ ਹੋਟਲ ਹਰ ਸਾਲ ਸਿਰਫ਼ ਇਕ ਮਹੀਨੇ ਲਈ ਖੁੱਲ੍ਹਦਾ ਹੈ। ਇਸ ਵਿਚ ਸਿਰਫ਼ ਉਹੀ ਲੋਕ ਜਾਂਦੇ ਹਨ ਜਿਨ੍ਹਾਂ ਨੂੰ ਇਸ ਬਾਰੇ ਕਾਫ਼ੀ ਪਹਿਲਾਂ ਪਤਾ ਹੋਵੇ ਅਤੇ ਉਨ੍ਹਾਂ ਕੋਲ ਖ਼ਰਚ ਕਰਨ ਲਈ ਜ਼ਬਰਦਸਤ ਪੈਸੇ ਵੀ ਹੋਣ। ਜੀ ਹਾਂ, ਇਸ ਹੋਟਲ 'ਚ ਰਹਿਣ ਨਾਲ ਜਿੱਥੇ ਤੁਹਾਨੂੰ ਜ਼ਬਰਦਸਤ ਤਜਰਬਾ ਮਿਲੇਗਾ ਉੱਥੇ ਹੀ ਪੰਜ ਰਾਤਾਂ ਰੁਕਣ ਲਈ ਕਰੀਬ 70 ਕਰੋੜ ਰੁਪਏ ਖ਼ਰਚਣੇ ਪੈਣਗੇ।

ਫਿਨਲੈਂਡ ਦੀ ਲਗਜ਼ਰੀ ਟ੍ਰੈਵਲ ਕੰਪਨੀ ਉੱਤਰੀ ਧਰੂਵ 'ਚ ਐਡਵੈਂਚਰ ਟ੍ਰੈਵਲਰਜ਼ ਲਈ ਇਹ ਹੋਟਲ ਖੋਲ੍ਹਣ ਜਾ ਰਹੀ ਹੈ। ਸਾਲ 2020 'ਚ ਇਸ ਨੂੰ ਇਸ ਦੇ ਪਹਿਲੇ ਮਹਿਮਾਨਾਂ ਲਈ ਖੋਲ੍ਹਿਆ ਜਾਵੇਗਾ, ਜਿੱਥੇ ਹਰ ਸਾਲ ਸਿਰਫ਼ ਅਪ੍ਰੈਲ 'ਚ ਮਹਿਮਾਨ ਰਹਿਣ ਦਾ ਲੁਤਫ਼ ਉਠਾ ਸਕਣਗੇ। ਇਸ ਹੋਟਲ ਦਾ ਆਇਡੀਆ ਲਗਜ਼ਰੀ ਐਕਸ਼ਨ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਜੇਨੇ ਹੋਨਕੇਨ ਦਾ ਹੈ। ਇਹ ਇਕ ਹਾਈ-ਐਂਡ ਟ੍ਰੈਵਲ ਕੰਪਨੀ ਹੈ ਜਿਹੜੀ ਆਰਕਟਿਕ 'ਚ ਮਹਿਮਾਨਾਂ ਨੂੰ ਘੁੰਮਾਉਣ ਦੀ ਖ਼ਾਸੀਅਤ ਰੱਖਦੀ ਹੈ।

ਉੱਤਰੀ ਧਰੂਵ 'ਚ ਮਹਿਮਾਨ ਰਾਤ ਨੂੰ 10 ਗਰਮ ਕੱਚ ਦੀਆਂ ਕੰਧਾਂ ਵਾਲੇ ਇਗਲੂ 'ਚ ਰੁਕਣਗੇ, ਜਿੱਥੇ ਉਹ ਤਾਰਾਂ ਤੇ ਸ਼ਾਇਦ ਨਾਰਦਨ ਲਾਈਟਸ ਨੂੰ ਗਲਾਸ ਸੀਲਿੰਗ ਰਾਹੀਂ ਦੇਖ ਸਕਣਗੇ। ਦਿਨ ਵੇਲੇ ਯਾਤਰੀ ਇਕ ਗਲੇਸ਼ੀਅਰ ਦੇ ਆਲੇ-ਦੁਆਲੇ ਘੁੰਮਣਗੇ ਤੇ ਧਰੂਵੀ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ ਆਰਕਟਿਕ ਖੇਤਰ 'ਚ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਵੀ ਮਿਲਣਗੇ। ਉਮੀਦ ਹੈ ਕਿ ਇਸ ਦੌਰਾਨ ਉਹ ਸੀਲ, ਧਰੂਵੀ ਭਾਲੂ, ਆਰਕਟਿਕ ਪੰਛੀਆਂ ਤੇ ਹੋਰ ਜੰਗਲੀ ਜੀਵਾਂ ਨੂੰ ਵੀ ਦੇਖ ਸਕਣਗੇ।

ਕੋਲੋਰਾਡੋ ਯੂਨੀਵਰਿਸਟੀ 'ਚ ਅਰਥ ਸਾਇੰਸ ਐਂਡ ਆਬਜ਼ਰਵੇਸ਼ਨ ਸੈਂਟਰ ਦੇ ਇਕ ਸੀਨੀਅਰ ਰਿਸਰਚ ਵਿਗਿਆਨੀ ਟੇਡ ਸਕੰਬੋਸ ਨੇ ਕਿਹਾ ਕਿ ਅਪ੍ਰੈਲ 'ਚ ਯਾਤਰੀ ਉੱਤਰੀ ਧਰੂਵ 'ਚ ਦਿਨ ਵੇਲੇ ਧੁੰਦਲੀ ਰੋਸ਼ਨੀ 'ਚ ਘੁੰਮਣਗੇ, ਜਿੱਥੇ ਤਾਪਮਾਨ ਮਨਫ਼ੀ 20 ਤੋਂ ਮਨਫ਼ੀ 40 ਡਿਗਰੀ ਸੈਲਸੀਅਸ ਤਕ ਹੁੰਦਾ ਹੈ। ਹੋਨਕੇਨ ਨੇ ਦੱਸਿਆ ਕਿ ਇੱਥੇ ਅਪ੍ਰੈਲ 'ਚ ਇਹ ਅਸਲ ਵਿਚ ਸੁਰੱਖਿਅਤ ਅਤੇ ਯਾਤਰਾ ਕਰਨ ਲਈ ਵਧੀਆ ਹੈ।

Posted By: Seema Anand