ਸਟੌਕਹੋਮ (ਏਐੱਨਆਈ) : ਕੈਮਿਸਟਰੀ ਦੇ ਖੇਤਰ 'ਚ ਨੋਬੇਲ ਫਾਊਂਡੇਸ਼ਨ ਨੇ ਸਾਲ 2019 ਲਈ ਬੁੱਧਵਾਰ ਨੂੰ ਨੋਬੇਲ ਪੁਰਸਕਾਰ ਦੇ ਨਾਵਾਂ ਦਾ ਐਲਾਨ ਕੀਤਾ। ਸਵੀਡਨ ਦੀ ਰਾਜਧਾਨੀ ਸਟੌਕਹੋਮ 'ਚ ਇਸ ਦੇ ਲਈ ਜੌਨ ਬੀ ਗੁਡਇਨਫ (John Goodenough), ਐੱਮ, ਸਟੈਨਲੀ ਵਿਟਿੰਘਮ (Stanley Whittingham) ਤੇ ਅਕੀਰਾ ਯੋਸ਼ੀਨੋ (Akira Yoshino) ਨੂੰ ਸਾਂਝੇ ਤੌਰ 'ਤੇ ਰਸਾਇਣ ਵਿਗਿਆਨ 'ਚ ਜੇਤੂ ਦੇ ਤੌਰ 'ਤੇ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਲਿਥੀਅਮ-ਆਇਨ ਬੈਟਰੀ ਦਾ ਵਿਕਾਸ ਕਰਨ ਲਈ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ।

ਨੋਬੇਲ ਕਮੇਟੀ ਨੇ ਕਿਹਾ, 'ਲਿਥੀਅਮ ਆਇਨ ਬੈਟਰੀ ਨੇ ਸਾਡੇ ਜੀਵਨ 'ਚ ਕ੍ਰਾਂਤੀ ਲਿਆ ਦਿੱਤੀ ਹੈ ਤੇ ਇਸ ਦੀ ਵਰਤੋਂ ਮੋਬਾਈਲ ਫੋਨ ਤੋਂ ਲੈ ਕੇ ਲੈਪਟਾਪ ਤੇ ਇਲੈਕਟ੍ਰਨਿਕ ਵਾਹਨਾਂ ਤਕ ਹਰ ਚੀਜ਼ 'ਚ ਕੀਤੀ ਜਾਂਦੀ ਹੈ।' ਕਮੇਟੀ ਵਲੋਂ ਕਿਹਾ ਗਿਆ ਕਿ ਆਪਣੇ ਕੰਮ ਜ਼ਰੀਏ ਇਸ ਸਾਲ ਰਸਾਇਣ ਵਿਗਿਆਨ ਲਾਰੇਟਸ ਨੇ ਇਕ ਵਾਇਰਲੈੱਸ, ਫੌਸਿਲ ਫਿਊਲ ਫ੍ਰੀ ਸੁਸਾਇਟੀ ਦੀ ਨੀਂਹ ਰੱਖੀ ਹੈ। ਜ਼ਿਕਰਯੋਗ ਹੈ ਕਿ ਜੇਤੂਆਂ ਦਾ ਐਲਾਨ ਸਟੌਕਹੋਮ 'ਚ ਬੁੱਧਵਾਰ ਨੂੰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਦੇ ਜਨਰਲ ਸਰਕੱਤਰ ਗੋਰਣ ਕੇ ਹੈਂਸਨ ਨੇ ਕੀਤਾ।

Posted By: Seema Anand