ਵਾਸ਼ਿੰਗਟਨ (ਏਐੱਨਆਈ) : ਨੌਂ ਸਾਲ ਦੀ ਦਿਵਿਆਂਗ ਡੇਜ਼ੀ ਮੇ ਦਿਮੇਤਰੇ ਨੇ ਨਿਊਯਾਰਕ ਫੈਸ਼ਨ ਵੀਕ 'ਚ ਆਪਣੇ ਰੈਂਪ ਵਾਕ ਨਾਲ ਸਭ ਦਾ ਦਿਲ ਜਿੱਤ ਲਿਆ। ਬਰਤਾਨੀਆ ਦੇ ਬਰਮਿੰਘਮ 'ਚ ਰਹਿਣ ਵਾਲੀ ਡੇਜ਼ੀ ਫਿਬੁਲਰ ਹੇਮੀਮੇਲੀਆ ਨਾਂ ਦੀ ਗੰਭੀਰ ਬਿਮਾਰੀ ਨਾਲ ਪੈਦਾ ਹੋਈ ਸੀ। ਇਸ ਬਿਮਾਰੀ 'ਚ ਵਿਅਕਤੀ ਦੇ ਪੈਰ ਦੀਆਂ ਫਿਬੁਲਰ ਹੱਡੀਆਂ ਛੋਟੀਆਂ ਹੁੰਦੀਆਂ ਹਨ ਜਾਂ ਬਿਲਕੁਲ ਨਹੀਂ ਹੁੰਦੀਆਂ। ਇਸ ਕਾਰਨ 18 ਮਹੀਨੇ ਦੀ ਉਮਰ 'ਚ ਡੇਜ਼ੀ ਦੇ ਦੋਵੇਂ ਪੈਰ ਕੱਟਣੇ ਪਏ ਸਨ। ਹੁਣ ਉਹ ਨਕਲੀ ਪੈਰਾਂ ਦੇ ਸਹਾਰੇ ਤੁਰਦੀ ਹੈ।

ਦੁਨੀਆ ਦੇ ਮਸ਼ਹੂਰ ਫੈਸ਼ਨ ਸ਼ੋਅ 'ਚ ਹਿੱਸਾ ਲੈ ਕੇ ਡੇਜ਼ੀ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਆਪਣੇ ਹੌਸਲੇ ਨਾਲ ਡੇਜ਼ੀ ਨੇ ਸਾਬਿਤ ਕਰ ਦਿੱਤਾ ਕਿ ਦਿਵਿਆਂਗਤਾ ਕਿਸੇ ਦੇ ਸੁਪਨਿਆਂ 'ਚ ਰੁਕਾਵਟ ਨਹੀਂ ਬਣ ਸਕਦੀ। ਸ਼ੋਅ 'ਚ ਡੇਜ਼ੀ ਨੇ ਫਰਾਂਸ ਦੇ ਲੁਲੁ ਐਟ ਗਿਗੀ ਕਾਉਚਰ ਲਈ ਰੈਂਪ ਵਾਕ ਕੀਤਾ। ਉਹ ਇਸ ਕੰਪਨੀ ਦੀ ਬ੍ਰਾਂਡ ਅੰਬੈਸਡਰ ਬਣ ਚੁੱਕੀ ਹੈ। ਆਪਣੀ ਇਸ ਪ੍ਰਾਪਤੀ ਤੋਂ ਖ਼ੁਸ਼ ਡੇਜ਼ੀ ਨੇ ਕਿਹਾ ਕਿ ਉਸ ਨੂੰ ਖ਼ੁਦ 'ਤੇ ਮਾਣ ਹੈ। ਹਰ ਸਮੇਂ ਉਨ੍ਹਾਂ ਦਾ ਹੌਸਲਾ ਵਧਾਉਣ ਵਾਲੇ ਉਨ੍ਹਾਂ ਦੇ ਪਿਤਾ ਨੇ ਕਿਹ, 'ਉਹ ਪੇਸ਼ੇਵਰ ਮਾਡਲ ਵਾਂਗ ਤੁਰੀ। ਉਹ ਮੈਨੂੰ ਵੀ ਪ੍ਰੇਰਿਤ ਕਰਦੀ ਹੈ।' ਡੇਜ਼ੀ ਨਾਇਕੀ ਤੇ ਰਿਵਰ ਆਈਲੈਂਡ ਸਮੇਤ ਬਰਤਾਨੀਆ ਦੀਆਂ ਕੰਪਨੀਆਂ ਲਈ ਮਾਡਿਲੰਗ ਕਰ ਚੁੱਕੀ ਹੈ।