ਕੈਲੀਫੋਰਨੀਆ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੀ ਇਕ ਮਸਜਿਦ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਮਸਜਿਦ ਦੇ ਪਾਰਕਿੰਗ ਖੇਤਰ 'ਚੋਂ ਇਕ ਨੋਟ ਮਿਲਿਆ ਹੈ ਜਿਸ 'ਚ ਨਿਊਜ਼ੀਲੈਂਡ 'ਚ ਹਾਲੀਆ ਦੋ ਮਸਜਿਦਾਂ 'ਚ ਹੋਈ ਗੋਲੀਬਾਰੀ ਦਾ ਜ਼ਿਕਰ ਸੀ। ਇਸ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ ਸੀ। ਇਸ ਨੋਟ ਨੂੰ ਲੈ ਕੇ ਖੇਤਰ ਦੇ ਮੁਸਲਿਮ ਫਿਰਕੇ 'ਚ ਦਹਿਸ਼ਤ ਹੈ। ਪੁਲਿਸ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੀ ਹੈ। ਸੈਨ ਡਿਆਗੋ ਤੋਂ 48 ਕਿਲੋਮੀਟਰ ਦੂਰ ਸਥਿਤ ਐਸਕਾਂਡਿਡੋ ਸ਼ਹਿਰ ਦੀ ਮਸਜਿਦ 'ਚ ਹੋਈ ਇਸ ਘਟਨਾ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਮਸਜਿਦ ਦੇ ਬਾਹਰੀ ਹਿੱਸੇ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਸਮੇਂ ਮਸਜਿਦ 'ਚ ਸੱਤ ਲੋਕ ਮੌਜੂਦ ਸਨ। ਫਾਇਰ ਬਿ੍ਗੇਡ ਮੁਲਾਜ਼ਮਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਖੇਤਰੀ ਇਸਲਾਮਿਕ ਸੈਂਟਰ ਦੇ ਮੈਂਬਰ ਯੂਸਫ ਮਿਲਰ ਨੇ ਕਿਹਾ ਕਿ ਕੋਈ ਮਾਨਸਿਕ ਰੂਪ ਨਾਲ ਬਿਮਾਰ ਵਿਅਕਤੀ ਹੀ ਕਿਸੇ ਧਾਰਮਿਕ ਸਥਾਨ ਨੂੰ ਸਾੜਨ ਦੀ ਸੋਚ ਸਕਦਾ ਹੈ। ਉਸ ਨੇ ਇਸ ਤਰ੍ਹਾਂ ਕਰਨ ਨਾਲ ਨਿਊਜ਼ੀਲੈਂਡ ਦੀ ਘਟਨਾ ਦਾ ਜ਼ਿਕਰ ਕਰ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।