ਵਾਸ਼ਿੰਗਟਨ (ਪੀਟੀਆਈ) : ਵਿਗਿਆਨਕਾਂ ਨੇ ਕਰੀਬ ਦੋ ਦਹਾਕੇ ਵਿਚ ਪਹਿਲੀ ਵਾਰ ਹਿਊਮਨ ਇਮਿਊਨੋ ਡੈਫੀਸ਼ੀਏਂਸੀ ਵਾਇਰਸ (ਐੱਚਆਈਵੀ) ਦੀ ਨਵੀਂ ਕਿਸਮ ਦੀ ਖੋਜ ਕੀਤੀ ਹੈ। ਇਸ ਦਾ ਨਾਂ ਐੱਚਆਈਵੀ-1 ਗਰੁੱਪ ਐੱਮ ਸਬਟਾਈਪ ਐੱਲ ਰੱਖਿਆ ਗਿਆ ਹੈ। ਇਸ ਦੀ ਪਛਾਣ ਕਰਨ ਲਈ ਫਾਰਮਾ ਕੰਪਨੀ ਏਬਾਟ ਦੇ ਖੋਜਕਰਤਾਵਾਂ ਨੇ ਨਵੀਂ ਪੀੜ੍ਹੀ ਦੀ ਜੀਨੋਮ ਸੀਕਵੇਂਸਿੰਗ ਤਕਨੀਕ ਦੀ ਵਰਤੋਂ ਕੀਤੀ ਸੀ। ਜਰਨਲ ਆਫ ਐਕਵਾਇਰਡ ਇਮਿਊਨ ਡੈਫੀਸ਼ੀਏਂਸੀ ਸਿੰਡਰੋਮ (ਜੇਐਡਸ) ਅਨੁਸਾਰ ਇਸ ਤਕਨੀਕ ਰਾਹੀਂ ਭਵਿੱਖ ਵਿਚ ਕਈ ਤਰ੍ਹਾਂ ਦੀ ਮਹਾਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਦੁਨੀਆ ਭਰ 'ਚ ਹੁਣ ਤਕ ਐੱਚਆਈਵੀ ਇਨਫੈਕਸ਼ਨ ਕਾਰਨ ਕਰੀਬ 7.5 ਕਰੋੜ ਲੋਕ ਏਡਜ਼ ਦੀ ਲਪੇਟ ਵਿਚ ਆ ਚੁੱਕੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸੌਰੀ ਦੇ ਪ੍ਰੋਫੈਸ਼ਨ ਕੈਰੋਲ ਮੈਕ ਆਰਥਰ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਏਡਜ਼ ਫੈਲਾਉਣ ਲਈ ਗਰੁੱਪ ਐੱਮ ਦੇ ਵਾਇਰਸ ਹੀ ਜ਼ਿੰਮੇਵਾਰ ਹਨ। ਸਭ ਤੋਂ ਪਹਿਲੇ ਇਨ੍ਹਾਂ ਦੀ ਖੋਜ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਵਿਚ ਹੋਈ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਈ ਤਰ੍ਹਾਂ ਦੇ ਐੱਚਆਈਵੀ ਦੀ ਪੁਸ਼ਟੀ ਲਈ ਉਸ ਵਾਇਰਸ ਇਨਫੈਕਸ਼ਨ ਦੇ ਤਿੰਨ ਮਾਮਲਿਆਂ ਦੀ ਪਛਾਣ ਕਰਨਾ ਜ਼ਰੂਰੀ ਸੀ। ਇਸ ਵਾਇਰਸ ਦੇ ਪਹਿਲੇ ਦੋ ਨਮੂਨੇ ਵੀ ਬੀਤੀ ਸਦੀ ਦੇ ਆਖ਼ਰੀ ਦੋ ਦਹਾਕਿਆਂ ਵਿਚ ਕਾਂਗੋ ਤੋਂ ਮਿਲੇ ਸਨ। ਤੀਜਾ ਨਮੂਨਾ 2001 ਵਿਚ ਹਾਸਿਲ ਕੀਤਾ ਗਿਆ ਸੀ। ਤੀਜੇ ਨਮੂਨੇ ਵਿਚ ਵਾਇਰਸ ਦੀ ਅਤਿ-ਅਧਿਕ ਮਾਤਰਾ ਕਾਰਨ ਜੀਨੋਮ ਸੀਕਵੇਂਸਿੰਗ ਯਾਨੀ ਡੀਐੱਨਏ ਦੇ ਨਿਊਕਲੀਓਟਾਈਡਸ ਦੇ ਕ੍ਰਮ ਦਾ ਪਤਾ ਲਗਾਉਣਾ ਮੁਸ਼ਕਲ ਸੀ। ਇਸ ਲਈ ਵਿਗਿਆਨਕਾਂ ਨੇ ਨਵੀਂ ਪੀੜ੍ਹੀ ਦੀ ਸੀਕਵੇਂਸਿੰਗ ਤਕਨੀਕ ਵਿਕਸਿਤ ਕੀਤੀ। ਅਧਿਐਨ ਵਿਚ ਸ਼ਾਮਲ ਮੈਰੀ ਰਾਜਰ ਨੇ ਕਿਹਾ ਕਿ ਨਵੀਂ ਤਰ੍ਹਾਂ ਦੇ ਵਾਇਰਸ ਦਾ ਪਤਾ ਲਗਾਉਣਾ ਬਹੁਤ ਔਖਾ ਸੀ ਪ੍ਰੰਤੂ ਅਸੀਂ ਸਫ਼ਲਤਾ ਹਾਸਿਲ ਕਰ ਲਈ। ਇਹ ਭਵਿੱਖ ਵਿਚ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ।