ਵਾਸ਼ਿੰਗਟਨ (ਏਜੰਸੀਆਂ) : ਨਾਸਾ ਅਤੇ ਨਿੱਜੀ ਪੁਲਾੜ ਏਜੰਸੀ ਸਪੇਸਐਕਸ ਦੇ ਪਹਿਲੇ ਮਾਨਵ ਮਿਸ਼ਨ ਦੀ ਲਾਂਚਿੰਗ 'ਚ ਮੌਸਮ ਅੜਿੱਕਾ ਬਣ ਗਿਆ। ਖ਼ਰਾਬ ਮੌਸਮ ਕਾਰਨ ਰਾਕਟ ਦੀ ਲਾਂਚਿੰਗ ਟਾਲ ਦਿੱਤੀ ਗਈ। ਹੁਣ ਸ਼ਨਿਚਰਵਾਰ ਨੂੰ ਇਸ ਨੂੰ ਅੰਜਾਮ ਦਿੱਤਾ ਜਾਵੇਗਾ। ਇਸ ਮਿਸ਼ਨ 'ਤੇ ਦੋ ਅਮਰੀਕੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਿਆ ਜਾਣਾ ਹੈ। ਨਾਸਾ ਦਾ ਸਾਲ 2011 ਪਿੱਛੋਂ ਇਸ ਤਰ੍ਹਾਂ ਦਾ ਇਹ ਪਹਿਲਾ ਮਿਸ਼ਨ ਹੈ। ਇਸ ਲਈ ਉਸ ਨੇ ਅਰਬਪਤੀ ਉੱਦਮੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਹੱਥ ਮਿਲਾਇਆ ਹੈ।

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਟਵੀਟ ਰਾਹੀਂ ਦੱਸਿਆ ਕਿ 'ਖ਼ਰਾਬ ਮੌਸਮ ਕਾਰਨ ਲਾਂਚਿੰਗ ਨੂੰ ਟਾਲਿਆ ਜਾ ਰਿਹਾ ਹੈ।' ਜਦਕਿ ਸਪੇਸਐਕਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਡਾਣ ਦੀ ਰਾਹ 'ਚ ਪ੍ਰਤੀਕੂਲ ਮੌਸਮ ਦੇ ਮੱਦੇਨਜ਼ਰ ਰਾਕਟ ਲਾਂਚ ਨੂੰ ਮੁਲਤਵੀ ਕਰਨਾ ਪਿਆ। ਹੁਣ ਸ਼ਨਿਚਰਵਾਰ ਨੂੰ ਰਾਕਟ ਲਾਂਚ ਕੀਤਾ ਜਾਵੇਗਾ। ਪੂਰਵ ਨਿਰਧਾਰਤ ਪ੍ਰਰੋਗਰਾਮ ਤਹਿਤ ਪੁਲਾੜ ਯਾਤਰੀ ਡਗ ਹਰਲੇ ਅਤੇ ਬਾਬ ਬੇਹੰਕੇਨ ਨਾਲ ਸਪੇਸਐਕਸ ਦੇ ਫਾਲਕਨ-9 ਰਾਕਟ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਬੁੱਧਵਾਰ ਸ਼ਾਮ 4.33 ਵਜੇ ਰਵਾਨਾ ਹੋਣਾ ਸੀ ਪ੍ਰੰਤੂ ਮੌਸਮ ਵਿਗੜਨ ਕਾਰਨ ਲਾਂਚਿੰਗ ਨੂੰ ਨਿਰਧਾਰਤ ਸਮੇਂ ਤੋਂ ਕਰੀਬ 17 ਮਿੰਟ ਪਹਿਲੇ ਮੁਲਤਵੀ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਪੁਲਾੜ ਯਾਤਰੀਆਂ ਨੂੰ ਇਕ ਨਵੇਂ ਪੁਲਾੜ ਵਾਹਨ ਡ੍ਰੈਗਨ ਕਰੂ ਕੈਪਸੂਲ ਰਾਹੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐੱਸਐੱਸ) ਭੇਜਿਆ ਜਾਣਾ ਹੈ। ਇਸ ਯਾਤਰਾ ਵਿਚ ਕਰੀਬ 19 ਘੰਟੇ ਦਾ ਸਮਾਂ ਲੱਗੇਗਾ। ਨਾਸਾ ਨੇ ਅਮਰੀਕੀ ਧਰਤੀ ਤੋਂ ਸਾਲ 2011 ਵਿਚ ਅੰਤਿਮ ਵਾਰ ਆਈਐੱਸਐੱਸ ਲਈ ਰਾਕਟ ਲਾਂਚ ਕੀਤਾ ਸੀ।