ਵਾਸ਼ਿੰਗਟਨ (ਆਈਏਐੱਨਐੱਸ) : ਮੰਗਲ ਅਤੇ ਚੰਦਰਮਾ 'ਤੇ ਜਾਣ ਵਾਲੇ ਮਿਸ਼ਨ ਦੀ ਤਿਆਰੀ ਦੇ ਮੱਦੇਨਜ਼ਰ ਨਾਸਾ ਸੋਸ਼ਲ ਆਈਸੋਲੇਸ਼ਨ ਦੇ ਅੱਠ ਮਹੀਨੇ ਦੇ ਅਧਿਐਨ ਲਈ ਅਮਰੀਕੀ ਨਾਗਰਿਕਾਂ ਦੀ ਭਾਲ ਕਰ ਰਿਹਾ ਹੈ। ਚੁਣੇ ਗਏ ਲੋਕਾਂ ਨੂੰ ਨਾ ਸਿਰਫ਼ ਮਾਸਕੋ ਸਥਿਤ ਲੈਬ ਵਿਚ ਰਹਿਣਾ ਹੋਵੇਗਾ ਸਗੋਂ ਇਹ ਉਸੇ ਤਰ੍ਹਾਂ ਦੇ ਵਾਤਾਵਰਨੀ ਪਹਿਲੂਆਂ ਦਾ ਅਨੁਭਵ ਕਰਨਗੇ ਜੋ ਭਵਿੱਖ ਵਿਚ ਮੰਗਲ 'ਤੇ ਜਾਣ ਵਾਲੇ ਚਾਲਕ ਦਲ ਦੇ ਮੈਂਬਰ ਕਰਨਗੇ।

ਕੌਮਾਂਤਰੀ ਪੁਲਾੜ ਏਜੰਸੀ ਆਪਣੇ ਅਗਲੇ ਸਪੇਸਫਲਾਈਟ ਸਿਮੂਲੇਸ਼ਨ ਸਟੱਡੀ ਲਈ 30 ਤੋਂ 55 ਸਾਲ ਉਮਰ ਵਰਗ ਦੇ ਸਿਹਤਮੰਦ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਜੋ ਅੰਗਰੇਜ਼ੀ ਅਤੇ ਰੂਸੀ ਦੋਵਾਂ ਭਾਸ਼ਾਵਾਂ ਵਿਚ ਖੁੱਲ੍ਹ ਕੇ ਗੱਲਬਾਤ ਕਰ ਸਕਣ। ਇਨ੍ਹਾਂ ਕੋਲ ਐੱਮਐੱਸ, ਪੀਐੱਚਡੀ, ਐੱਮਡੀ ਅਤੇ ਮਿਲਟ੍ਰੀ ਟ੍ਰੇਨਿੰਗ ਆਫੀਸਰ ਦੀ ਡਿਗਰੀ ਹੋਣਾ ਵੀ ਲਾਜ਼ਮੀ ਹੈ। ਹਾਲਾਂਕਿ ਨਾਸਾ ਨੇ ਬੀਏ ਦੀ ਡਿਗਰੀ, ਫ਼ੌਜ ਜਾਂ ਪੇਸ਼ੇਵਰ ਅਨੁਭਵ ਰੱਖਣ ਵਾਲਿਆਂ ਦੀਆਂ ਅਰਜ਼ੀਆਂ 'ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਆਈਸੋਲੇਸ਼ਨ ਦੌਰਾਨ ਇਹ ਲੋਕ ਉਸੇ ਤਰ੍ਹਾਂ ਦੇ ਮਨੋਵਿਗਿਆਨਕ ਅਤੇ ਸਰੀਰਕ ਪ੍ਰਭਾਵਾਂ ਦਾ ਅਧਿਐਨ ਕਰਨਗੇ ਜਿਵੇਂ ਪੁਲਾੜ ਯਾਤਰੀ ਕਰਦੇ ਹਨ।