ਵਾਸ਼ਿੰਗਟਨ (ਆਈਏਐੱਨਐੱਸ) : ਮੰਗਲ ਗ੍ਰਹਿ 'ਤੇ ਵੀ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਪ੍ਰੰਤੂ ਇਨ੍ਹਾਂ ਦੀ ਤੀਬਰਤਾ ਬਹੁਤ ਘੱਟ ਹੁੰਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਰੋਬੋਟਿਕ ਲੈਂਡਰ 'ਇਨਸਾਈਟ' ਦੀ ਜਾਂਚ ਵਿਚ ਲਾਲ ਗ੍ਰਹਿ 'ਤੇ 450 ਤੋਂ ਜ਼ਿਆਦਾ ਭੂਚਾਲ ਦੇ ਸੰਕੇਤਾਂ ਦਾ ਪਤਾ ਚੱਲਿਆ ਹੈ। ਦੱਸਣਯੋਗ ਹੈ ਕਿ ਮੰਗਲ ਗ੍ਰਹਿ ਦੇ ਤਲ ਦੇ ਹੇਠਲੇ ਹਿੱਸੇ ਦਾ ਡੂੰਘਾਈ ਨਾਲ ਅਧਿਐਨ ਕਰਨ ਦੇ ਉਦੇਸ਼ ਨਾਲ 'ਇਨਸਾਈਟ' ਨੂੰ ਨਵੰਬਰ 2018 ਵਿਚ ਲਾਲ ਗ੍ਰਹਿ 'ਤੇ ਭੇਜਿਆ ਗਿਆ ਸੀ।

'ਇਨਸਾਈਟ' ਦੇ ਮੁੱਖ ਖੋਜਕਾਰ ਬਰੂਸ ਬੈਨਡਰਟ ਨੇ ਕਿਹਾ ਕਿ ਸਭ ਤੋਂ ਵੱਡੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ ਚਾਰ ਸੀ। ਇਹ ਤੀਬਰਤਾ ਗ੍ਰਹਿ ਦੇ ਹੇਠਲੇ ਹਿੱਸੇ ਤਕ ਪੁੱਜਣ ਲਈ ਕਾਫ਼ੀ ਨਹੀਂ ਸੀ।

'ਨੇਚਰ ਜਿਓ ਸਾਇੰਸ ਐਂਡ ਨੇਚਰ ਕਮਿਊਨੀਕੇਸ਼ਨ' ਵਿਚ ਪ੍ਰਕਾਸ਼ਿਤ ਇਸ ਖੋਜ ਵਿਚ ਕਿਹਾ ਗਿਆ ਹੈ ਕਿ ਮੰਗਲ ਗ੍ਰਹਿ 'ਤੇ ਨਾ ਕੇਵਲ ਭੂਚਾਲ ਆਉਂਦੇ ਹਨ ਸਗੋਂ ਧੂੜ ਭਰੀਆਂ ਹਨੇਰੀਆਂ ਅਤੇ ਅਜੀਬ ਤਰ੍ਹਾਂ ਦੇ ਚੁੰਬਕੀ ਕਾਂਬੇ ਵੀ ਹੁੰਦੇ ਰਹਿੰਦੇ ਹਨ। ਖੋਜ ਦੌਰਾਨ ਭੂਚਾਲ ਦਾ ਪਤਾ ਲਗਾਉਣ ਲਈ ਸੈਸਮੋ ਮੀਟਰ, ਹਵਾ ਦੇ ਦਬਾਅ ਨੂੰ ਮਾਪਣ ਲਈ ਸੈਂਸਰ ਦੇ ਨਾਲ ਹੀ ਗ੍ਰਹਿ ਦੇ ਤਾਪਮਾਨ ਨੂੰ ਜਾਣਨ ਲਈ ਊਰਜਾ ਦੇ ਪ੍ਰਵਾਹ ਦੀ ਵਰਤੋਂ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਭੂਚਾਲ ਤਰੰਗਾਂ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ ਜਿਨ੍ਹਾਂ ਤੋਂ ਉਹ ਲੰਘਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਖੋਜ ਨਾਲ ਵਿਗਿਆਨਕਾਂ ਨੂੰ ਮੰਗਲ ਗ੍ਰਹਿ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਕਰਨ ਵਿਚ ਮਦਦ ਮਿਲੇਗੀ। ਨਾਸਾ ਨੇ ਕਿਹਾ ਕਿ ਇਸ ਨਵੀਂ ਖੋਜ ਨਾਲ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਧਰਤੀ ਸਮੇਤ ਸਾਰੇ ਚੱਟਾਨੀ ਗ੍ਰਹਿ ਸਭ ਤੋਂ ਪਹਿਲੇ ਕਿਵੇਂ ਬਣੇ? ਦੱਸਣਯੋਗ ਹੈ ਕਿ 2019 ਦੇ ਅੰਤ ਤਕ ਇਨਸਾਈਟ ਮੰਗਲ ਗ੍ਰਹਿ 'ਤੇ ਇਕ ਦਿਨ ਵਿਚ ਦੋ ਭੂਚਾਲਾਂ ਦੇ ਸੰਕੇਤ ਭੇਜ ਰਿਹਾ ਸੀ। ਹਾਲਾਂਕਿ ਵਿਗਿਆਨਕਾਂ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਨੂੰ ਵੱਡੇ ਭੂਚਾਲ ਦੇ ਸੰਕੇਤ ਮਿਲ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਮੰਗਲ ਗ੍ਰਹਿ 'ਤੇ ਧਰਤੀ ਦੀ ਤਰ੍ਹਾਂ ਟੈਕਟੋਨਿਕ ਪਲੇਟ ਨਹੀਂ ਹੈ ਪ੍ਰੰਤੂ ਜਵਾਲਾਮੁਖੀ ਰੂਪ ਤੋਂ ਸਰਗਰਮ ਖੇਤਰ ਜ਼ਰੂਰ ਹੈ।

ਤੇਜ਼ੀ ਨਾਲ ਗਰਮ ਅਤੇ ਠੰਢਾ ਹੋ ਸਕਦੈ ਮੰਗਲ ਗ੍ਰਹਿ

'ਇਨਸਾਈਟ' ਲੈਂਡਰ ਨੇ ਮੰਗਲ ਗ੍ਰਹਿ ਦੇ ਮੌਸਮ ਦੇ ਪੈਟਰਨ ਦੇ ਬਾਰੇ ਵਿਚ ਕਈ ਗੱਲਾਂ ਦੱਸੀਆਂ ਹਨ। ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਮੰਗਲ ਗ੍ਰਹਿ 'ਤੇ ਧਰਤੀ ਦੀ ਤੁਲਨਾ ਵਿਚ ਤਾਪਮਾਨ ਵਿਚ ਉਤਾਰ-ਚੜ੍ਹਾਅ ਦਾ ਤੇਜ਼ ਅਨੁਭਵ ਹੁੰਦਾ ਹੈ। ਅਮਰੀਕਾ ਸਥਿਤ ਕੋਰਨੇਲ ਯੂਨੀਵਰਸਿਟੀ ਦੇ ਡਾਨ ਬੈਨਫੀਲਡ ਨੇ ਕਿਹਾ ਕਿ ਮੰਗਲ ਗ੍ਰਹਿ ਦਾ ਵਾਤਾਵਰਣ ਏਨਾ ਪਤਲਾ ਹੈ ਕਿ ਇਹ ਧਰਤੀ ਦੇ ਮੁਕਾਬਲੇ ਤੇਜ਼ੀ ਨਾਲ ਗਰਮ ਅਤੇ ਠੰਢਾ ਹੋ ਸਕਦਾ ਹੈ। ਖੋਜਕਾਰ ਨੇ ਕਿਹਾ ਕਿ ਲੈਂਡਿੰਗ ਦੇ ਲਗਪਗ ਇਕ ਮਹੀਨੇ ਪਿੱਛੋਂ ਇਨਸਾਈਟ ਨੂੰ ਇਕ ਵੱਡੇ ਧੂੜ ਦੇ ਤੂਫ਼ਾਨ ਦਾ ਸਾਹਮਣਾ ਕਰਨਾ ਪਿਆ ਸੀ।

Posted By: Seema Anand