ਨਿਊਯਾਰਕ (ਏਜੰਸੀ) : ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ਼ ਖ਼ਲੀਫ਼ਾ ਤੋਂ ਵੀ ਵੱਡੇ ਦੋ ਛੋਟੇ ਗ੍ਰਹਿ 14 ਸਤੰਬਰ ਨੂੰ ਧਰਤੀ ਨੇੜਿਓਂ ਲੰਘਣਗੇ। ਅਮਰੀਕੀ ਸਪੇਸ ਏਜੰਸੀ NASA ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਨਿਅਰ ਅਰਥ ਆਬਜੈਕਟ ਸਟਡੀਜ਼ (NEOS) ਨੂੰ ਚਿਤਾਵਨੀ ਦਿੱਤੀ ਹੈ। NASA ਮੁਤਾਬਿਕ ਇਹ ਦੋਵੇਂ ਐਸਟੇਰੋਇਡਜ਼ ਕਿਸੇ ਛੋਟੇ ਗ੍ਰਹਿ ਬਰਾਬਰ ਹਨ। ਇਨ੍ਹਾਂ ਨੂੰ NASA ਨੇ 2000 QW7 ਤੇ 2010 CO1 ਨਾਂ ਦਿੱਤਾ ਹੈ।

NASA ਮੁਤਾਬਿਕ 2000 QW7 ਦਾ ਅਕਾਰ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ਼ ਖ਼ਲੀਫ਼ਾ ਦੇ ਬਰਾਬਰ ਹੈ। ਇਹ ਲਗਪਗ 290 ਤੋਂ 650 ਮੀਟਰ ਚੌੜਾ ਹੈ। ਇਹ ਧਰਤੀ ਦੇ ਨੇੜਿਓਂ 14 ਸਤੰਬਰ ਨੂੰ ਲੰਘੇਗਾ।

ਮਾਹਿਰਾਂ ਮੁਤਾਬਿਕ ਇਹ ਦੋਵੇਂ ਐਸਟੇਰੋਇਡਜ਼ ਧਰਤੀ ਦੇ ਲਿਹਾਜ਼ ਤੋਂ ਖ਼ਤਰਨਾਕ ਨਹੀਂ ਹਨ ਕਿਉਂਕਿ ਇਹ ਧਰਤੀ ਤੋਂ ਤਿੰਨ ਮਿਲੀਅਨ ਕਿਲੋਮੀਟਰ ਦੀ ਦੂਰੀ ਤੋਂ ਲੰਘ ਰਹੇ ਹਨ। ਇਸ ਤੋਂ ਇਹ ਲਗਦਾ ਹੈ ਕਿ ਇਹ ਸਾਡੇ ਗ੍ਰਹਿ ਲਈ ਕਿਸੇ ਤਰ੍ਹਾਂ ਵੀ ਨੁਕਸਾਨਦਾਇਕ ਨਹੀਂ ਹੋਣਗੇ।

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਈ ਛੋਟਾ ਗ੍ਰਹਿ ਨੇੜਿਓਂ ਲੰਘ ਰਿਹਾ ਹੈ। ਇਸ ਤੋਂ ਪਹਿਲਾਂ ਵੀ 1 ਸਤੰਬਰ 2000 ਨੂੰ ਅਜਿਹਾ ਹੋ ਚੁੱਕਾ ਹੈ। NASA ਮੁਤਾਬਿਕ ਇਕ ਹੋਰ ਛੋਟਾ ਗ੍ਰਹਿ 2010 CO1 ਵੀ ਇਸੇ ਤਰੀਕ ਨੂੰ ਧਰਤੀ ਨੇੜਿਓਂ ਲੰਘੇਗਾ।

NASA ਮੁਤਾਬਿਕ ਇਹ ਛੋਟੇ ਤੇ ਪਥਰੀਲੇ ਹੁੰਦੇ ਹਨ ਜਿਹੜੇ ਸੂਰਜ ਦੀ ਪਰਿਕਰਮਾ ਕਰਦੇ ਹਨ। ਇਹ ਦੂਸਰੇ ਗ੍ਰਹਿਆਂ ਵਾਂਗ ਹੀ ਸੂਰਜ ਦੇ ਚੱਕਰ ਲਾਉਂਦੇ ਹਨ। ਹਾਲਾਂਕਿ ਇਨ੍ਹਾਂ ਦਾ ਅਕਾਰ ਹੋਰਨਾਂ ਗ੍ਰਹਿਆਂ ਦੇ ਮੁਕਾਬਲੇ ਕਾਫ਼ੀ ਛੋਟਾ ਹੁੰਦਾ ਹੈ।

ਧਰਤੀ ਨੇੜਿਓਂ ਲੰਘਣ ਕਰਕੇ ਆਮ ਤੌਰ 'ਤੇ ਵਿਗਿਆਨੀਆਂ ਦੀਆਂ ਨਜ਼ਰਾਂ ਇਨ੍ਹਾਂ ਛੋਟੇ ਗ੍ਰਹਿਆਂ 'ਤੇ ਬਣੀਆ ਰਹਿੰਦੀਆਂ ਹਨ ਕਿਉਂਕਿ ਪੁਲਾੜ ਨੂੰ ਸਮਝਣ ਲਈ ਕਈ ਅਹਿਮ ਜਾਣਕਾਰੀਆਂ ਇਸ ਦੌਰਾਨ ਮਿਲਦੀਆਂ ਹਨ।

Posted By: Seema Anand