ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੇ ਮੰਗਲ ਗ੍ਰਹਿ ’ਤੇ ਭੇਜੇ ਗਏ ਪਰਸਿਵਿਅਰੈਂਸ ਰੋਵਰ ਨਾਲ ਇਕ ਛੋਟਾ ਹੈਲੀਕਾਪਟਰ ਭੇਜਿਆ ਗਿਆ ਹੈ। ਇਹ ਹੁਣ ਮੰਗਲ ਗ੍ਰਹਿ ’ਤੇ ਸੋਮਵਾਰ ਨੂੰ ਉਡਾਣ ਭਰੇਗਾ। ਤਕਨੀਕੀ ਖ਼ਰਾਬੀ ਕਾਰਨ ਉਸ ਦੀ ਕਈ ਪੜਾਵਾਂ ’ਚ ਉਡਾਣ ਰੁਕਦੀ ਰਹੀ ਹੈ। ਇਨਜੇਨਯੂਟੀ ਨਾਂ ਦਾ ਹੈਲੀਕਾਪਟਰ ਮੰਗਲ ਗ੍ਰਹਿ ਦੇ ਉਨ੍ਹਾਂ ਸਥਾਨਾਂ ਤੋਂ ਅੰਕੜਿਆਂ ਨੂੰ ਲਿਆਉਣ ਵਿਚ ਸਮਰੱਥ ਹੋਵੇਗਾ, ਜਿੱਥੇ ਰੋਵਰ ਨਹੀਂ ਪਹੁੰਚ ਸਕਦਾ ਹੈ।

ਹੈਲੀਕਾਪਟਰ ਦੇ ਉਡਾਣ ਭਰਨ ਦੀ ਪਹਿਲੀ ਤਰੀਕ 11 ਅਪ੍ਰੈਲ ਤੈਅ ਕੀਤੀ ਗਈ ਸੀ। ਉਸ ਤੋਂ ਬਾਅਦ ਕਈ ਵਾਰ ਤਕਨੀਕੀ ਸਮੱਸਿਆ ਕਾਰਨ ਉਡਾਣ ਰੋਕੀ ਜਾਂਦੀ ਰਹੀ। ਇਨਜੇਨਯੂਟੀ ਦੀ ਉਡਾਣ ਨਾਸਾ ਦੀ ਮਹੱਤਵਪੂਰਨ ਸਫਲਤਾ ਹੋਵੇਗੀ। ਧਰਤੀ ਦੇ ਬਾਹਰ ਕਿਸੇ ਹੈਲੀਕਾਪਟਰ ਦੀ ਇਹ ਪਹਿਲੀ ਉਡਾਣ ਹੋਵੇਗੀ। ਰੋਬੋਟ ਰੋਟਰ ਕ੍ਰਾਫਟ ਹੈਲੀਕਾਪਟਰ ਮੰਗਲ ਗ੍ਰਹਿ ’ਤੇ ਰੋਵਰ ਪਰਸਿਵਿਅਰੈਂਸ ਨਾਲ ਜੋੜ ਕੇ ਭੇਜਿਆ ਗਿਆ ਸੀ। ਜਿਜੇਰੋ ਕ੍ਰੇਟਰ ਵਿਚ ਰੋਵਰ 18 ਫਰਵਰੀ ਨੂੰ ਪਹੁੰਚ ਗਿਆ ਸੀ। ਹੈਲੀਕਾਪਟਰ ਦੇ ਉਡਾਣ ਭਰਨ ਦੇ ਕਰੀਬ ਪੌਣੇ ਤਿੰਨ ਘੰਟੇ ਬਾਅਦ ਅੰਕੜੇ ਮਿਲਣੇ ਸ਼ੁਰੂ ਹੋ ਜਾਣਗੇ। ਨਾਸਾ ਨੂੰ ਇਸ ਨਾਲ ਤਸਵੀਰਾਂ ਅਤੇ ਵੀਡੀਓ ਮਿਲਣ ਦੀ ਵੀ ਉਮੀਦ ਹੈ।

Posted By: Sunil Thapa