ਵਾਸ਼ਿੰਗਟਨ : ਜਹਾਜ਼ ਤੇ ਮਿਜ਼ਾਈਲ ਬਣਾਉਣ ਵਾਲੀ ਅਮਰੀਕਾ ਦੀ ਨਿੱਜੀ ਖੇਤਰ ਦੀ ਕੰਪਨੀ ਸਪੇਸਐਕਸ ਛੇਤੀ ਹੀ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤਕ ਪਹੁੰਚਾਉਣ ਵਾਲੇ ਜਹਾਜ਼ ਦੀ ਪ੍ਰੀਖਣ ਕਰਨ ਵਾਲੀ ਹੈ। ਅਰਬਪਤੀ ਐਲਨ ਮਸਕ ਦੀ ਕੰਪਨੀ ਨੂੰ ਇਸ ਦੇ ਲਈ ਅਮਰੀਕੀ ਸਪੇਸ ਏਜੰਸੀ ਨਾਸਾ ਤੋਂ ਹਰੀ ਝੰਡੀ ਵੀ ਮਿਲ ਗਈ ਹੈ। ਪ੍ਰੀਖਣ ਲਈ 'ਕਰਿਊ ਡ੍ਰੈਗਨ' ਜਹਾਜ਼ ਨਾਲ ਆਦਮ ਕੱਦ ਪੁਤਲਾ ਵੀ ਭੇਜਿਆ ਜਾਵੇਗਾ।

ਅਗਲੀ ਦੋ ਮਾਰਚ ਨੂੰ ਏ ਫਾਲਕਨ 9 ਰਾਕਟ ਰਾਹੀਂ ਇਸ ਜਹਾਜ਼ ਨੂੰ ਲਾਂਚ ਕੀਤਾ ਜਾਣਾ ਹੈ। ਸੱਤ ਸੀਟਾਂ ਵਾਲਾ ਇਹ ਜਹਾਜ਼ ਤਿੰਨ ਮਾਰਚ ਨੂੰ ਆਈਐੱਸਐੱਸ 'ਚ ਪਹੁੰਚੇਗਾ। ਅੱਠ ਮਾਰਚ ਨੂੰ ਇਹ ਵਾਪਸ ਧਰਤੀ 'ਤੇ ਪਰਤੇਗਾ। ਪ੍ਰੀਖਣ ਸਫਲ ਹੋਣ 'ਤੇ ਜੁਲਾਈ 'ਚ ਇਸੇ ਜਹਾਜ਼ ਰਾਹੀਂ ਅਮਰੀਕੀ ਪੁਲਾੜ ਯਾਤਰੀ ਆਈਐੱਸਐੱਸ ਲਈ ਰਵਾਨਾ ਹੋਣਗੇ।

ਅਜਿਹਾ ਪਹਿਲੀ ਵਾਰ ਹੈ ਜਦੋਂ ਨਾਸਾ ਨੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਪੁਲਾੜ ਯਾਤਰੀਆਂ ਲਈ ਵਾਹਨ ਬਣਾਉਣ ਦਾ ਕਾਂਟ੍ਰੈਕਟ ਦਿੱਤਾ ਹੈ। ਇਸਦੇ ਲਈ ਨਾਸਾ ਨੇ 2014 'ਚ ਸਪੇਸਐਕਸ ਤੇ ਬੋਇੰਗ ਨਾਲ ਕਰਾਰ ਕੀਤਾ ਸੀ। ਦੱਸਣਯੋਗ ਹੈ ਕਿ ਨਾਸਾ ਨੇ 2011 'ਚ ਆਪਣਾ ਸਪੇਸ ਸ਼ਟਲ ਪ੍ਰੋਗਰਾਮ ਖ਼ਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਤੋਂ ਉਹ ਪੁਲਾੜ ਯਾਤਰੀਆਂ ਨੂੰ ਆਈਐੱਸਐੱਸ 'ਚ ਭੇਜਣ ਲਈ ਰੂਸ ਦੇ ਸੋਯੂਜ ਰਾਕਟ 'ਤੇ ਨਿਰਭਰ ਹੈ।

ਪ੍ਰੀਖਣ ਦਾ ਐਲਾਨ ਕਰਦਿਆਂ ਨਾਸਾ ਦੇ ਹਿਊਮਨ ਐਕਸਪਲੋਰੇਸ਼ਨ ਐਂਡ ਆਪਰੇਸ਼ਨ ਵਿਭਾਗ ਦੇ ਐਸੋਸੀਏਟ ਪ੍ਬੰਧਕ ਵਿਲੀਅਮ ਗਸਰਟਨਮੇਅਰ ਨੇ ਕਿਹਾ, 'ਇਹ ਬਹੁਤ ਹੀ ਅਹਿਮ ਕਦਮ ਹੈ। ਸਾਨੂੰ ਪਤਾ ਹੈ ਕਿ ਪ੍ਰੀਖਣ 'ਚ ਕੁਝ ਦਿੱਕਤਾਂ ਆ ਸਕਦੀਆਂ ਹਨ, ਪਰ ਇਹ ਚਿੰਤਾ ਦੀ ਗੱਲ ਨਹੀਂ ਹੈ। ਇਹ ਦਿੱਕਤਾਂ ਸਾਨੂੰ ਕਮੀਆਂ ਸੁਧਾਰਨ ਦਾ ਮੌਕਾ ਦੇਣਗੀਆਂ। ਇਸ ਤੋਂ ਇਹ ਯਕੀਨੀ ਹੋਵੇਗਾ ਕਿ ਜਦੋਂ ਪੁਲਾੜ ਯਾਤਰੀ ਇਸ ਜਹਾਜ਼ 'ਤੇ ਸਵਾਰ ਹੋਣਗੇ ਤਾਂ ਉਨ੍ਹਾਂ ਦੀ ਯਾਤਰਾ ਸੁਰੱਖਿਅਤ ਹੋਵੇਗੀ।'