ਨਿਊੂਯਾਰਕ (ਏਜੰਸੀਆਂ) : ਮਿਆਂਮਾਰ 'ਚ ਲੋਕਤੰਤਰਿਕ ਸਰਕਾਰ ਨੂੰ ਹਟਾ ਕੇ ਜਬਰਨ ਫ਼ੌਜੀ ਸ਼ਾਸਨ ਲਾਗੂ ਕਰਨ ਦੀ ਪੂਰੀ ਦੁਨੀਆ 'ਚ ਤਿਖੀ ਨਿਖੇਧੀ ਹੋ ਰਹੀ ਹੈ। ਸੰਯੁਕਤ ਰਾਸ਼ਟਰ (ਯੂਐੱਨ) 'ਚ ਇਸ ਧੱਕੇਸ਼ਾਹੀ ਦੀ ਗੂੰਜ ਉਸ ਸਮੇਂ ਫਿਰ ਸੁਣਾਈ ਦਿੱਤੀ, ਜਦੋਂ ਮਿਆਂਮਾਰ ਦੇ ਸੰਯੁਕਤ ਰਾਸ਼ਟਰ 'ਚ ਰਾਜਦੂਤ ਨੇ ਹੀ ਆਪਣੇ ਇੱਥੇ ਹੋਏ ਫ਼ੌਜੀ ਤਖਤਾਪਲਟ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਫ਼ੌਜੀ ਸ਼ਾਸਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਲੋਕਤੰਤਰਿਕ ਵਿਵਸਥਾ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ।

ਮਿਆਂਮਾਰ ਦੇ ਰਾਜਦੂਤ ਕਿਯਾਵ ਮੋ ਤੁਨ ਨੇ ਕਿਹਾ ਕਿ ਉਹ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਪ੍ਰਤੀਨਿਧੀ ਹਨ। ਉਨ੍ਹਾਂ ਦੀ ਪਾਰਟੀ ਨੇ ਲੋਕਤੰਤਰਿਕ ਤਰੀਕੇ ਨਾਲ ਜਨਤਾ ਦੀ ਚੋਣ ਤੋਂ ਬਾਅਦ ਫ਼ੌਜੀ ਸ਼ਾਸਨ ਨੂੰ ਖ਼ਤਮ ਕਰਨ ਲਈ ਸਰਕਾਰ ਬਣਾਈ ਸੀ।

ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਫ਼ੌਜੀ ਤਖਤਾਪਲਟ ਦੀ ਨਿਖੇਧੀ ਕਰਨ ਤੇ ਮਾਨਤਾ ਦੇਣ ਤੋਂ ਇਨਕਾਰ ਕਰਨ।

ਮਿਆਂਮਾਰ ਦੇ ਰਾਜਦੂਤ ਦੇ ਇਸ ਬਿਆਨ ਨੇ ਪੂਰੀ ਸਭਾ ਦਾ ਧਿਆਨ ਖਿੱਚਿਆ ਤੇ ਉਨ੍ਹਾਂ ਦੀ ਬਹਾਦਰੀ ਦੀ ਯੂਰੋਪੀਅਨ ਯੂਨੀਅਨ ਦੇ ਰਾਜਦੂਤਾਂ, ਇਸਲਾਮਿਕ ਸਹਿਯੋਗੀ ਸੰਗਠਨ ਤੇ ਅਮਰੀਕਾ ਦੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ ਪ੍ਰਸ਼ੰਸਾ ਕੀਤੀ। ਅਮਰੀਕੀ ਰਾਜਦੂਤ ਲਿੰਡਾ ਨੇ ਕਿਹਾ ਕਿ ਅਮਰੀਕਾ ਮਿਆਂਮਾਰ ਦੀ ਜਨਤਾ ਨਾਲ ਹੈ, ਜੋ ਸੜਕਾਂ 'ਤੇ ਫ਼ੌਜੀ ਸ਼ਾਸਨ ਖ਼ਿਲਾਫ਼ ਲੜਾਈ ਲ਼ੜ ਰਹੀ ਹੈ।

ਇਧਰ, ਮਿਆਂਮਾਰ 'ਚ ਜਨਤਾ ਦੇ ਵਿਰੋਧ ਨੂੰ ਦਬਾਉਣ ਲਈ ਫ਼ੌਜੀ ਸ਼ਾਸਨ ਨੇ ਹੋਰ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਸ਼ਨਿਚਰਵਾਰ ਨੂੰ ਮੋਨਵਿਆ ਸ਼ਹਿਰ 'ਚ ਪੁਲਿਸ ਨੇ ਫਾਇਰਿੰਗ ਕਰਦੇ ਹੋਏ ਇਕ ਔਰਤ ਨੂੰ ਗੋਲ਼ੀ ਮਾਰ ਦਿੱਤੀ, ਕਈ ਲੋਕ ਜ਼ਖ਼ਮੀ ਹੋਏ ਹਨ। ਇੱਥੇ ਜਨਤਾ ਦਾ ਵਿਰੋਧ ਸੰਯੁਕਤ ਰਾਸ਼ਟਰ 'ਚ ਮਿਆਂਮਾਰ ਦੇ ਰਾਜਦੂਤ ਦੇ ਫ਼ੌਜੀ ਸ਼ਾਸਨ ਖ਼ਿਲਾਫ਼ ਕਾਰਵਾਈ ਦੇ ਬਿਆਨ ਤੋਂ ਬਾਅਦ ਵੱਧ ਗਿਆ। ਸ਼ਨਿਚਰਵਾਰ ਨੂੰ ਪੁਲਿਸ ਨੇ ਹੋਰ ਜ਼ਿਆਦਾ ਸਖ਼ਤੀ ਕਰਦੇ ਹੋਏ ਯੰਗੂਨ ਤੇ ਮੰਡਾਲੇ 'ਚ ਗਿ੍ਫ਼ਤਾਰੀਆਂ ਵੀ ਕੀਤੀਆਂ। ਡਵੇ 'ਚ ਵੀ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਮਿਆਂਮਾਰ 'ਚ ਸਾਰੀਆਂ ਪਾਰੀਆਂ ਲੋਕਤੰਤਰਿਕ ਪ੍ਰਕਿਰਿਆ ਸ਼ੁਰੂ ਕਰਨ : ਭਾਰਤ

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤਿਰੁਮੂਰਤੀ ਨੇ ਕਿਹਾ ਕਿ ਮਿਆਂਮਾਰ 'ਚ ਸਾਰੀਆਂ ਪਾਰਟੀਆਂ ਦੀ ਪਹਿਲ ਲੋਕਤੰਤਰਿਕ ਪ੍ਰਕਿਰਿਆ ਸ਼ੁਰੂ ਕਰਨ ਦੀ ਹੋਣੀ ਚਾਹੀਦੀ ਹੈ। ਗਿ੍ਫ਼ਤਾਰ ਨੇਤਾਵਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੀਆਂ ਸਰਹੱਦਾਂ ਮਿਆਂਮਾਰ ਨਾਲ ਲੱਗਦੀਆਂ ਹਨ, ਇਸ ਲਈ ਇੱਥੇ ਸ਼ਾਂਤੀ ਜ਼ਰੂਰੀ ਹੈ।

Posted By: Susheel Khanna