ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੀ ਭਾਰਤੀ-ਅਮਰੀਕੀ ਐੱਮਪੀ ਨਿੱਕੀ ਹੇਲੀ ਸਮੇਤ ਕਈ ਐੱਮਪੀਜ਼ ਨੇ ਚੀਨ 'ਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਦਾ ਦੋਸ਼ ਲਗਾਉਂਦੇ ਹੋਏ 2022 ਦੇ ਸਰਦ ਰੁੱਤ ਉਲੰਪਿਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਸਰਦ ਰੁੱਤ ਉਲੰਪਿਕ ਇਸ ਵਾਰ ਚੀਨ ਵਿਚ ਹੋਣ ਜਾ ਰਹੇ ਹਨ। ਇਨ੍ਹਾਂ ਐੱਮਪੀਜ਼ ਨੇ ਕੌਮਾਂਤਰੀ ਉਲੰਪਿਕ ਕਮੇਟੀ (ਆਈਓਸੀ) ਨੂੰ ਕਿਹਾ ਹੈ ਕਿ ਉਹ ਉਲੰਪਿਕ ਲਈ ਕਿਸੇ ਨਵੇਂ ਥਾਂ ਦੀ ਚੋਣ ਕਰੇ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨੇਤਾਵਾਂ ਦੀ ਇਸ ਮੰਗ 'ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਰਹੀ ਐੱਮਪੀ ਨਿੱਕੀ ਹੇਲੀ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਇਨ੍ਹਾਂ ਖੇਡਾਂ ਨੂੰ ਆਪਣੇ ਪ੍ਰਰਾਪੇਗੰਡਾ ਦਾ ਮਾਧਿਅਮ ਬਣਾਏਗੀ। ਉਨ੍ਹਾਂ ਨੇ ਅਮਰੀਕਾ ਦੇ ਹਿੱਸਾ ਨਾ ਲੈਣ ਦੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਮੰਗ ਕਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ। ਨਿੱਕੀ ਨੇ ਕਿਹਾ ਕਿ ਚੀਨ ਆਪਣੇ ਉੱਥੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਾਮਲਿਆਂ ਨੂੰ ਲੁਕੋਣ ਲਈ ਉਲੰਪਿਕ ਖੇਡਾਂ ਦੀ ਆੜ ਲਵੇਗਾ। ਇਨ੍ਹਾਂ ਸਥਿਤੀਆਂ ਨੂੰ ਅਸੀਂ ਚੁੱਪਚਾਪ ਬੈਠ ਕੇ ਨਹੀਂ ਦੇਖ ਸਕਦੇ। ਸੈਨੇਟਰ ਰਿਕ ਸਕਾਟ ਨੇ ਰਾਸ਼ਟਰਪਤੀ ਬਾਇਡਨ ਨੂੰ ਇਕ ਪੱਤਰ ਲਿਖਿਆ ਹੈ ਅਤੇ ਉਸ ਵਿਚ ਕਿਹਾ ਹੈ ਕਿ ਉਹ ਇਸ ਸਬੰਧ ਵਿਚ ਇਕ ਬੈਠਕ ਬੁਲਾਉਣ ਅਤੇ ਉਲੰਪਿਕ ਕਮੇਟੀ ਨੂੰ ਕਹਿਣ ਕਿ ਉਹ 2022 ਦੇ ਉਲੰਪਿਕ ਦਾ ਸਥਾਨ ਬਦਲੇ। ਅਮਰੀਕਾ ਦੀ ਪ੍ਰਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਇਸ ਸਬੰਧ ਵਿਚ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ, ਅਸੀਂ ਉਲੰਪਿਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਾਂਗੇ।