ਨਿਊਯਾਰਕ (ਏਜੰਸੀਆਂ) : ਜਾਨ ਹਾਪਕਿਨਸ ਯੂਨੀਵਰਸਿਟੀ ਸਥਿਤ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ (ਸੀਐੱਸਐੱਸਈ) ਮੁਤਾਬਕ ਅਮਰੀਕਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 29,10,023 ਹੋ ਗਈ ਹੈ। ਉੱਥੇ ਹੀ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ 1,30,090 'ਤੇ ਪਹੁੰਚ ਗਿਆ ਹੈ। ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਨਿਊਯਾਰਕ ਸੂਬਾ ਹੈ। ਇੱਥੇ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 3,97,649 ਹੈ ਜਦਕਿ ਅਜੇ ਤਕ 32,219 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੈਲੀਫੋਰਨੀਆ, ਫਲੋਰੀਡਾ, ਟੈਕਸਾਸ, ਨਿਊਜਰਸੀ, ਇਲੀਨੋਇਸ, ਮੈਸਾਚੁਸੈਟਸ ਤੇ ਐਰੀਜ਼ੋਨਾ ਅਜਿਹੇ ਸੂਬੇ ਹਨ ਜਿੱਥੇ ਇਕ ਲੱਖ ਤੋਂ ਵੱਧ ਮਰੀਜ਼ ਹਨ।

ਇਸੇ ਦੌਰਾਨ ਮਹਾਮਾਰੀ ਦੇ ਹਾਟਸਪਾਟ ਦੇ ਤੌਰ 'ਤੇ ਉੱਭਰੇ ਫਲੋਰੀਡਾ ਸੂਬੇ ਦੇ ਮਿਆਮੀ ਸ਼ਹਿਰ 'ਚ ਰੈਸਟੋਰੈਂਟ 'ਚ ਬੈਠ ਕੇ ਖਾਣਾ ਖਾਣ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ। ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ ਉਨ੍ਹਾਂ ਦੋ ਦਰਜਨ ਸੂਬਿਆਂ 'ਚ ਸ਼ਾਮਿਲ ਹਨ ਜਿੱਥੇ ਪਿਛਲੇ ਹਫ਼ਤੇ ਦੌਰਾਨ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਸਭ ਤੋਂ ਵੱਡੇ ਇਨਫੈਕਸ਼ਨ ਰੋਗ ਮਾਹਰ ਤੇ ਵ੍ਹਾਈਟ ਹਾਊਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਮੈਂਬਰ ਡਾ.ਐਂਥਨੀ ਫਾਸੀ ਨੇ ਕਿਹਾ ਕਿ ਹਾਲਾਤ ਗੰਭੀਰ ਹਨ ਤੇ ਸਰਕਾਰ ਨੂੰ ਇਸ ਫ਼ੌਰੀ ਨੋਟਿਸ ਲੈਣਾ ਚਾਹੀਦਾ ਹੈ। ਓਧਰ ਮਾਸਕ ਪਾਉਣਾ ਜ਼ਰੂਰੀ ਕਰਨ ਲਈ ਅਮਰੀਕਾ ਦੇ ਦੁਕਾਨਦਾਰਾਂ ਨੇ ਸਾਰੇ ਸੂਬਿਆਂ ਦੇ ਗਵਰਨਰਾਂ ਨੂੰ ਅਪੀਲ ਕੀਤੀ ਹੈ।

ਈਰਾਨ 'ਚ 200 ਲੋਕਾਂ ਦੀ ਮੌਤ

ਪਿਛਲੇ 24 ਘੰਟਿਆਂ ਦੌਰਾਨ ਈਰਾਨ 'ਚ ਇਨਫੈਕਸ਼ਨ ਨਾਲ 200 ਲੋਕਾਂ ਦੀ ਮੌਤ ਹੋਈ ਹੈ। ਮਹਾਮਾਰੀ ਨਾਲ ਇਕ ਦਿਨ 'ਚ ਜਾਨ ਗਵਾਉਣ ਵਾਲਿਆਂ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਦੇਸ਼ ਦੇ ਸਿਹਤ ਮੰਤਰਾਲੇ ਦੇ ਤਰਜਮਾਨ ਸੀਮਾ ਸਾਦਤ ਲਾਰੀ ਨੇ ਦੇਸ਼ 'ਚ ਵਧ ਰਹੇ ਇਨਫੈਕਸ਼ਨ ਦੇ ਮਾਮਲਿਆਂ ਲਈ ਉਨ੍ਹਾਂ ਲੋਕਾਂ ਨੂੰ ਦੋਸ਼ੀ ਦੱਸਿਆ ਹੈ, ਜਿਹੜੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੇ। ਇੱਥੇ ਵੱਡੀ ਗਿਣਤੀ 'ਚ ਵਿਆਹ ਤੇ ਦੂਜੇ ਸਮਾਗਮਾਂ 'ਚ ਜਿਹੜੇ ਲੋਕ ਇਕੱਠੇ ਹੋ ਰਹੇ ਹਨ, ਪਰ ਇਸ ਦੌਰਾਨ ਨਾ ਤਾਂ ਸਰੀਰਕ ਦੂਰੀ ਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਨਾ ਹੀ ਕੋਈ ਮਾਸਕ ਪਾ ਰਿਹਾ ਹੈ। ਐਤਵਾਰ ਤੋਂ ਈਰਾਨ 'ਚ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ।

ਬੋਲਸੋਨਾਰੋ ਨੇ ਕਰਵਾਇਆ ਕੋਰੋਨਾ ਟੈਸਟ

ਫੇਫੜਿਆਂ ਦਾ ਐਕਸਰੇ ਕਰਵਾਉਣ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਦੀ ਕੋਰੋਨਾ ਜਾਂਚ ਕੀਤੀ ਗਈ ਹੈ। ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ 'ਚ ਕੋਰੋਨਾ ਨਾਲ ਜੁੜੇ ਕੋਈ ਲੱਛਣ ਦਿਖਾਈ ਦਿੱਤੇ ਹਨ ਜਾਂ ਨਹੀਂ। ਬ੍ਰਾਜ਼ੀਲ ਦੇ ਰਾਸ਼ਟਰਪਤੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਹੈ ਕਿ ਜਾਂਚ ਦੀ ਰਿਪੋਰਟ ਮੰਗਲਵਾਰ ਨੂੰ ਆਵੇਗੀ। ਓਧਰ, ਬੋਲਸੋਨਾਰੋ ਨੇ ਕਿਹਾ ਕਿ ਉਨ੍ਹਾਂ ਦੇ ਫੇਫੜੇ ਪੂਰੀ ਤਰ੍ਹਾਂ ਸਾਫ਼ ਹਨ। ਇਸ ਦੌਰਾਨ ਬ੍ਰਾਜ਼ੀਲ 'ਚ 24 ਘੰਟਿਆਂ ਦੌਰਾਨ 20, 229 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 602 ਲੋਕਾਂ ਦੀ ਮੌਤ ਹੋਈ ਹੈ। ਦੇਸ਼ 'ਚ ਹੁਣ ਤਕ 65,487 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੈਲਬੌਰਨ 'ਚ ਛੇ ਹਫ਼ਤਿਆਂ ਦਾ ਲਾਕਡਾਊਨ

ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇ ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬੌਰਨ 'ਚ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਚੇ ਹਫ਼ਤਿਆਂ ਦਾ ਲਾਕਡਾਊਨ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਕਰੀਬ 49 ਲੱਖ ਲੋਕ ਪ੍ਰਭਾਵਿਤ ਹੋਣਗੇ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਵਿਕਟੋਰੀਆ ਸੂਬੇ ਨੇ ਨਿਊ ਸਾਊਥ ਵੇਲਸ ਨਾਲ ਲੱਗਦੀ ਆਪਣੀ ਸਰਹੱਦ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। 100 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੈ ਜਦੋਂ ਇਸ ਤਰ੍ਹਾਂ ਦਾ ਫ਼ੈਸਲਾ ਲਿਆ ਗਿਆ। ਕਾਨੂੰਨ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਪੁਲਿਸ ਤੇ ਫ਼ੌਜ ਦੀ ਮਦਦ ਲਈ ਜਾ ਰਹੀ ਹੈ।

ਅਪਡੇਟ ਰਹਿਣ ਲੋਕ

ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਯਾਤਰੀਆਂ ਨੂੰ ਹਵਾਈ ਜਹਾਜ਼ 'ਚ ਮਾਸਕ ਪਾਉਣ ਤੇ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਬੇਨਤੀ ਕੀਤੀ ਹੈ। ਡਬਲਯੂਐੱਚਓ ਦੀ ਇਕ ਅਧਿਕਾਰੀ ਮਾਰਗੇਟ ਹੈਰਿਸ ਨੇ ਕਿਹਾ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਫੈਲਦਾ ਹੈ ਤੇ ਲੋਕਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਅਸਲ 'ਚ ਡਬਲਯੂਐੱਚਓ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉੱਤਰੀ ਗੋਲਾਰਧ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਆਪਣੇ ਯਾਤਰਾ ਦਿਸ਼ਾ ਨਿਰਦੇਸ਼ ਅਪਡੇਟ ਕਰੇਗਾ, ਪਰ ਅਜੇ ਤਕ ਉਸ ਨੇ ਇਹ ਜਾਰੀ ਨਹੀਂ ਕੀਤੇ।

ਇੱਥੇ ਰਿਹਾ ਇਹ ਹਾਲ

ਪਾਕਿਸਤਾਨ : ਇਨਫੈਕਸ਼ਨ ਦੇ 2, 691 ਨਵੇਂ ਮਾਮਲੇ ਆਏ ਹਨ। ਜਦਕਿ 77 ਲੋਕਾਂ ਦੀ ਮੌਤ ਹੋਈ ਹੈ।

ਸਿੰਗਾਪੁਰ : ਇਨਫੈਕਸ਼ਨ ਦੇ 157 ਮਾਮਲੇ ਮਿਲੇ ਹਨ। 137 ਮਾਮਲੇ ਡਾਰਮਿਟਰੀ 'ਚ ਰਹਿਣ ਵਾਲੇ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਹਨ।

ਰੂਸ : ਇਨਫੈਕਸ਼ਨ ਦੇ 6,389 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 198 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਰੂਸ ਦੀ ਅਦਾਲਤ ਨੇ ਮਹਾਮਾਰੀ ਦਾ ਮਜ਼ਾਕ ਬਣਾਉਣ ਵਾਲੇ ਇਕ ਪਾਦਰੀ 'ਤੇ ਜੁਰਮਾਨਾ ਵੀ ਲਗਾਇਆ ਹੈ।

ਇੰਡੋਨੇਸ਼ੀਆ : 68 ਲੋਕਾਂ ਦੀ ਮੌਤ ਹੋਈ ਤੇ 1268 ਨਵੇਂ ਮਾਮਲੇ ਸਾਹਮਣੇ ਆਏ ਹਨ।

ਨੇਪਾਲ : 68 ਲੋਕਾਂ ਦੀ ਮੌਤ ਹੋਈ ਤੇ 1268 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਉੱਥੇ 204 ਨਵੇਂ ਮਾਮਲੇ ਸਾਹਮਣੇ ਆਏ ਹਨ।

ਮੈਕਸੀਕੋ : ਦੇਸ਼ ਦੀ ਉਪ ਸਿਹਤ ਮੰਤਰੀ ਨੇ ਕਿਹਾ ਕਿ ਮਹਾਮਾਰੀ ਅਗਲੀ ਸੱਤ ਅਪ੍ਰਰੈਲ ਤਕ ਰਹਿ ਸਕਦੀ ਹੈ। ਉਨ੍ਹਾਂ ਨੇ ਸਿਆਲਾਂ ਦੇ ਮੌਸਮ 'ਚ ਇਸ ਦੇ ਵਧਣ ਦੀ ਉਮੀਦ ਪ੍ਰਗਟਾਈ ਹੈ। ਦੇਸ਼ 'ਚ ਇਨਫੈਕਸ਼ਨ ਮਰੀਜ਼ਾਂ ਦੀ ਗਿਣਤੀ 2, 61, 750 ਹਨ ਜਦਕਿ 31, 119 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਾਊਦੀ ਅਰਬ : ਹੱਜ ਯਾਤਰਾ ਲਈ ਜਿਨ੍ਹਾਂ ਇਕ ਹਜ਼ਾਰ ਤੀਰਥ ਯਾਤਰੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ, ਉਹ ਜ਼ਮਜ਼ਮ ਖੂਹ ਦਾ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਹੀ ਪਾਣੀ ਪੀ ਸਕਣਗੇ। ਇਸ ਦੌਰਾਨ ਹੱਜ ਯਾਤਰੀ ਸ਼ੈਤਾਨ ਨੂੰ ਜਿਹੜੇ ਪੱਥਰ ਮਾਰਦੇ ਹਨ ਉਨ੍ਹਾਂ ਨੂੰ ਇਸਤੇਮਾਲ 'ਚ ਲਿਆਉਣ ਤੋਂ ਪਹਿਲਾਂ ਸੈਨੇਟਾਈਜ਼ ਕੀਤਾ ਜਾਵੇਗਾ। ਤੀਰਥ ਯਾਤਰੀਆਂ ਨੂੰ ਨਮਾਜ਼ ਅਦਾ ਕਰਨ ਲਈ ਆਪਣੇ ਆਸਨ ਲਿਆਉਣ ਲਈ ਕਿਹਾ ਗਿਆ ਹੈ।