MMR Vaccine : ਵਾਸ਼ਿੰਗਟਨ, ਪੀਟੀਆਈ : ਕੋਰੋਨਾ ਵਾਇਰਸ (COVID-19) ਦੀ ਕਾਟ ਦੇ ਤੌਰ 'ਤੇ ਹੁਣ ਤਕ ਕੋਈ ਅਸਰਦਾਰ ਦਵਾਈ ਜਾਂ ਵੈਕਸੀਨ ਮੁਹੱਈਆ ਨਹੀਂ ਹੋ ਸਕੀ ਹੈ। ਅਜਿਹੇ ਵਿਚ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ਲਈ ਮੌਜੂਦਾ ਦਵਾਈਆਂ ਤੇ ਵੈਕਸੀਨ 'ਚ ਵੀ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਇਸੇ ਕਵਾਇਦ 'ਚ ਕੀਤੇ ਜਾ ਰਹੇ ਇਕ ਨਵੇਂ ਅਧਿਐਨ 'ਚ ਮੀਜ਼ਲਸ-ਮੰਪਸ-ਰੂਬੇਲਾ (M easles, Mumps, and Rubella) ਵੈਕਸੀਨ ਯਾਨੀ ਖਸਰੇ ਦੇ ਟੀਕੇ 'ਚ ਉਮੀਦ ਦੀ ਨਵੀਂ ਕਿਰਨ ਨਜ਼ਰ ਆਈ ਹੈ। ਇਹ ਵੈਕਸੀਨ ਕੋਰੋਨਾ ਖ਼ਿਲਾਫ਼ ਬਚਾਅ ਮੁਹੱਈਆ ਕਰਵਾ ਸਕਦੀ ਹੈ। ਇਸ ਅਧਿਐਨ ਤੋਂ ਇਸ ਗੱਲ 'ਤੇ ਵੀ ਰੋਸ਼ਨੀ ਪੈ ਸਕਦੀ ਹੈ ਕਿ ਕਿਉਂ ਬਾਲਗਾਂ ਦੇ ਮੁਕਾਬਲੇ ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਤੇ ਮੌਤ ਦੀ ਦਰ ਕਾਫ਼ੀ ਘੱਟ ਹੈ?

ਪਹਿਲਾਂ ਦੇ ਅਧਿਐਨ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ। ਐੱਮਬਾਇਓ ਮੈਗਜ਼ੀਨ 'ਚ ਪ੍ਰਕਾਸ਼ਿਤ ਨਵਾਂ ਅਧਿਐਨ ਇਸ ਦੀ ਪੁਸ਼ਟੀ ਕਰਦਾ ਹੈ। ਇਸ ਦੇ ਅਨੁਸਾਰ, ਐੱਮਐੱਮਆਰ ਟੀਕਾ ਕੋਵਿਡ-19 ਖ਼ਿਲਾਫ਼ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ। ਕੋਰੋਨਾ ਤੋਂ ਉਭਰਨ ਵਾਲੇ ਉਨ੍ਹਾਂ ਰੋਗੀਆਂ 'ਚ ਮੰਪਸ ਆਈਜੀਜੀ ਟਾਈਟਰਜ਼ ਜਾਂ ਆਈਜੀਜੀ ਐਂਟੀਬਾਡੀ ਦੇ ਪੱਧਰ ਦਾ ਇਸ ਵਾਇਰਸ ਦੇ ਗੰਭੀਰ ਇਨਫੈਕਸ਼ਨ ਤੋਂ ਉਲਟ ਸਬੰਧ ਪਾਇਆ ਗਿਆ ਹੈ, ਜਿਨ੍ਹਾਂ ਨੂੰ ਪਹਿਲਾਂ ਐੱਮਐੱਮਆਰ ਟੀਕਾ ਲੱਗਿਆ ਸੀ।

ਅਮਰੀਕਾ ਦੇ ਜਾਰਜੀਆ 'ਚ ਵਰਲਡ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਤੇ ਇਸ ਅਧਿਐਨ ਦੇ ਮੁੱਖ ਖੋਜਕਰਤਾ ਜੈਫਰੀ ਈ ਗੋਲਡ ਨੇ ਕਿਹਾ, 'ਅਸੀਂ ਮੰਪਸ ਟਾਈਟਰਜ਼ ਦੇ ਪੱਧਰ ਤੇ 42 ਤੋਂ ਘੱਟ ਉਮਰ ਵਾਲੇ ਉਨ੍ਹਾਂ ਲੋਕਾਂ 'ਚ ਕੋਰੋਨਾ ਦੀ ਗੰਭੀਰਤਾ ਦਰਮਿਆਨ ਇਕਦਮ ਉਲਟ ਸਬੰਧ ਪਾਇਆ, ਜਿਨ੍ਹਾਂ ਨੂੰ ਐੱਮਐੱਮਆਰ ਟੀਕੇ ਦੀ ਦੂਸਰੀ ਖ਼ੁਰਾਕ ਦਿੱਤੀ ਗਈ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਐੱਮਐੱਮਆਰ ਟੀਕਾ ਕੋਰੋਨਾ ਖ਼ਿਲਾਫ਼ ਸੁਰੱਖਿਆਤਮਕ ਹੋ ਸਕਦਾ ਹੈ।' ਉਨ੍ਹਾਂ ਦੱਸਿਆ ਕਿ ਐੱਮਐੱਮਆਰ ਵੈਕਸੀਨ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਜ਼ਿਆਦਾਤਰ ਬੱਚਿਆਂ ਨੂੰ ਇਸ ਵੈਕਸੀਨ ਦੀ ਪਹਿਲੀ ਖ਼ੁਰਾਕ 9 ਤੋਂ 15 ਮਹੀਨੇ ਦੀ ਉਮਰ 'ਚ ਲੱਗ ਜਾਂਦੀ ਹੈ ਜਦਕਿ ਦੂਸਰੀ ਖ਼ੁਰਾਕ ਚਾਰ ਤੋਂ ਛੇ ਸਾਲ ਦੀ ਉਮਰ 'ਚ ਦਿੱਤੀ ਜਾਂਦੀ ਹੈ।

Posted By: Seema Anand