ਨਿਊਯਾਰਕ (ਪੀਟੀਆਈ) : ਮਿਸ਼ੇਲਿਨ-ਸਟਾਰ ਸ਼ੈੱਫ ਵਿਕਾਸ ਖੰਨਾ ਨੂੰ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੇ ਲੱਖਾਂ ਲੋਕਾਂ ਤਕ ਭੋਜਨ ਪਹੁੰਚਾਉਣ ਲਈ 2020 ਦੇ ਮਾਣਮੱਤੇ 'ਏਸ਼ੀਆ ਗੇਮ ਚੇਂਜਰ ਐਵਾਰਡ' ਨਾਲ ਸਨਮਾਨਿਤ ਕੀਤਾ ਜਾਏਗਾ। ਇਸ ਮੁਹਿੰਮ ਨੂੰ ਉਨ੍ਹਾਂ ਨੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਨਿਊਯਾਰਕ ਦੇ ਮੈਨਹਟਨ ਸਥਿਤ ਆਪਣੇ ਘਰ ਤੋਂ ਚਲਾਇਆ। ਐਵਾਰਡ ਲਈ ਜਿਨ੍ਹਾਂ ਛੇ ਲੋਕਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚ ਖੰਨਾ ਇਕੱਲੇ ਭਾਰਤੀ ਹਨ।

ਏਸ਼ੀਆ ਦੇ ਭਵਿੱਖ ਲਈ ਸਕਾਰਾਤਮਕ ਯੋਗਦਾਨ ਦੇਣ ਵਾਲੇ ਅਸਲੀ ਨਾਇਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਜਾਂਦਾ ਹੈ। ਇਸ ਦੀ ਸ਼ੁਰੂਆਤ 2014 ਵਿਚ ਅਮਰੀਕਾ ਦੇ ਇਕ ਗ਼ੈਰ-ਲਾਭਕਾਰੀ ਸੰਗਠਨ 'ਏਸ਼ੀਆ ਸੁਸਾਇਟੀ' ਨੇ ਕੀਤੀ ਸੀ। ਐਵਾਰਡ ਸਮਾਗਮ ਅਕਤੂਬਰ ਵਿਚ ਆਨਲਾਈਨ ਕਰਵਾਇਆ ਜਾਵੇਗਾ। ਕੋਰੋਨਾ ਇਨਫੈਕਸ਼ਨ ਦੌਰਾਨ ਖੰਨਾ ਨੇ ਭਾਰਤ ਵਿਚ ਲੋੜਵੰਦਾਂ ਤਕ ਭੋਜਨ ਮੁਹੱਈਆ ਕਰਵਾਉਣ ਲਈ 'ਫੀਡ ਇੰਡੀਆ' ਨਾਂ ਤੋਂ ਇਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਤਹਿਤ ਸੈਂਕੜੇ ਸ਼ਹਿਰਾਂ ਵਿਚ ਲੋੜਵੰਦਾਂ ਨੂੰ ਭੋਜਨ ਦੇ ਇਲਾਵਾ ਮਾਸਕ ਅਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਈਆਂ ਗਈਆਂ।

ਖੰਨਾ ਨੇ ਕਿਹਾ ਕਿ ਇਹ ਐਵਾਰਡ ਪਾਉਣ ਵਾਲੇ ਮਹਾਨ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋਣਾ ਮੈਨੂੰ ਚੰਗਾ ਲੱਗ ਰਿਹਾ ਹੈ। ਏਸ਼ਿਆਈ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਗਠਨ ਤੋਂ ਐਵਾਰਡ ਪ੍ਰਰਾਪਤ ਕਰਨਾ ਵੱਡੇ ਸਨਮਾਨ ਦੀ ਗੱਲ ਹੈ।