ਕਿਸੀਮੀ (ਅਮਰੀਕਾ) (ਏਪੀ) : ਫਲੋਰੀਡਾ ਦੇ ਵਾਲਟ ਡਿਜ਼ਨੀ ਵਰਲਡ ਨੇੜੇ ਰਹਿੰਦੇ ਇਕ ਫਿਜ਼ੀਕਲ ਥੈਰਾਪਿਸਟ ਵੱਲੋਂ ਆਪਣੀ ਪਤਨੀ, ਤਿੰਨ ਬੱਚਿਆਂ ਤੇ ਕੁੱਤੇ ਨੂੰ ਮਾਰਨ ਦੇ ਦੋਸ਼ ਤੈਅ ਕੀਤੇ ਗਏ ਹਨ। ਓਸਸਿਓਲਾ ਕਾਊਂਟੀ ਦੇ ਸ਼ੈਰਿਫ ਰਸ ਗਿਬਸਨ ਨੇ ਦੱਸਿਆ ਕਿ ਐਂਥਨੀ ਟੋਡੀ 'ਤੇ ਆਪਣੀ ਪਤਨੀ ਮੇਗਨ, ਆਪਣੇ ਤਿੰਨ ਬੱਚਿਆਂ (ਜਿਨ੍ਹਾਂ ਦੀ ਉਮਰ 4 ਤੋਂ 13 ਸਾਲ ਵਿਚਕਾਰ ਸੀ) ਅਤੇ ਘਰ ਦੇ ਕੁੱਤੇ ਦੀ ਹੱਤਿਆ ਕਰਨ ਦੇ ਦੋਸ਼ ਤੈਅ ਹੋਏ ਹਨ।

ਇਹ ਲਾਸ਼ਾਂ ਇਕ ਕਿਰਾਏ ਦੇ ਮਕਾਨ ਵਿਚੋਂ ਬਰਾਮਦ ਹੋਈਆਂ ਜੋਕਿ ਪਿਛਲੇ ਸਾਲ ਅਪ੍ਰੈਲ ਵਿਚ 650,000 ਡਾਲਰ ਵਿਚ ਵੇਚਿਆ ਗਿਆ ਸੀ। ਟੋਡੀ ਫਿਜ਼ੀਓ ਥੈਰਾਪਿਸਟ ਸੀ ਤੇ ਪੂਰਾ ਹਫ਼ਤਾ ਬਾਹਰ ਰਹਿਣ ਪਿੱਛੋਂ ਸ਼ਨਿਚਰਵਾਰ ਤੇ ਐਤਵਾਰ ਨੂੰ ਘਰ ਪਰਤਦਾ ਸੀ। ਗਿਬਸਨ ਨੇ ਮੌਤ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਪ੍ਰੰਤੂ ਕਿਹਾ ਕਿ ਟੋਡੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।