ਵਾਸ਼ਿੰਗਟਨ (ਪੀਟੀਆਈ) : ਰੂਸੀ ਹਥਿਆਰਾਂ 'ਤੇ ਭਾਰਤ ਦੀ ਨਿਰਭਰਤਾ ਨੂੰ ਦੇਖਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਨਵੀਂ ਦਿੱਲੀ ਅਮਰੀਕਾ ਤੋਂ ਮਿਲਣ ਵਾਲੀ ਸੰਵੇਦਨਸ਼ੀਲ ਤਕਨੀਕ ਦੀ ਰੱਖਿਆ ਲਈ ਸਪਸ਼ਟ ਨਿਯਮ ਅਤੇ ਪ੍ਰਕਿਰਿਆ ਤਿਆਰ ਕਰੇ। ਨਜ਼ਦੀਕੀ ਸਹਿਯੋਗੀ ਦੇ ਤੌਰ 'ਤੇ ਭਾਰਤ ਨੂੰ ਅਮਰੀਕਾ ਤੋਂ ਸੰਵੇਦਨਸ਼ੀਲ ਤਕਨੀਕ ਨਾਲ ਲੈਸ ਅਤਿ-ਆਧੁਨਿਕ ਹਥਿਆਰ ਮਿਲ ਰਹੇ ਹਨ।

ਇਕ ਸਵਾਲ ਦੇ ਜਵਾਬ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ਰੂਸ ਤੋਂ ਰੱਖਿਆ ਉਪਕਰਣਾਂ ਦੀ ਖ਼ਰੀਦ 'ਤੇ ਕਿਸੇ ਵੀ ਦੇਸ਼ ਨੂੰ ਅਮਰੀਕਾ ਦੇ ਕਾਟਸਾ ਕਾਨੂੰਨ ਦੀਆਂ ਪਾਬੰਦੀਆਂ ਤੋਂ ਛੋਟ ਨਹੀਂ ਹੈ। ਅਧਿਕਾਰੀ ਤੋਂ ਇਹ ਸਵਾਲ ਰੂਸ ਤੋਂ ਭਾਰਤ ਦੇ ਐੱਸ-400 ਏਅਰ ਡਿਫੈਂਸ ਸਿਸਟਮ ਦੀ ਖ਼ਰੀਦ 'ਤੇ ਕੀਤਾ ਗਿਆ ਸੀ। ਭਾਰਤ ਆਪਣੇ ਜੰਗੀ ਹਿੱਤਾਂ ਦਾ ਹਵਾਲਾ ਦੇ ਕੇ ਰੂਸ ਤੋਂ ਇਸ ਸੌਦੇ ਨੂੰ ਤੈਅ ਕਰ ਚੁੱਕਾ ਹੈ ਅਤੇ ਇਸ ਲਈ 5.43 ਅਰਬ ਡਾਲਰ (40,000 ਕਰੋੜ ਰੁਪਏ) ਦੀ ਰਾਸ਼ੀ ਵੀ ਚੁਕਾ ਦਿੱਤੀ ਹੈ। ਇਸ ਸੌਦੇ 'ਤੇ ਅਮਰੀਕਾ ਦੇ ਭਾਰੀ ਵਿਰੋਧ ਨੂੰ ਵੀ ਭਾਰਤ ਸਰਕਾਰ ਨੇ ਕੋਈ ਅਹਿਮੀਅਤ ਨਹੀਂ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਸਬੰਧ ਕਾਫ਼ੀ ਵਧੀਆ ਹਨ। ਦੋਵੇਂ ਦੇਸ਼ ਮਿਲ ਕੇ ਰੱਖਿਆ ਅਤੇ ਹੋਰ ਉਪਕਰਣਾਂ 'ਤੇ ਖੋਜ ਕਰ ਰਹੇ ਹਨ, ਉਨ੍ਹਾਂ ਨੂੰ ਵਿਕਸਤ ਕਰ ਰਹੇ ਹਨ ਅਤੇ ਉਨ੍ਹਾਂ ਦਾ ਉਤਪਾਦਨ ਵੀ ਕਰ ਰਹੇ ਹਨ। ਪਰ ਭਾਰਤ ਦੇ ਰੂਸ ਨਾਲ ਚੰਗੇ ਸਬੰਧ ਬਣੇ ਹੋਏ ਹਨ ਅਤੇ ਭਾਰਤ ਵੀ ਉਸ ਤੋਂ ਅਤਿ-ਆਧੁਨਿਕ ਹਥਿਆਰ ਖ਼ਰੀਦ ਰਿਹਾ ਹੈ। ਅਜਿਹੇ ਵਿਚ ਸੰਵੇਦਨਸ਼ੀਲ ਤਕਨੀਕ ਦੀ ਸੁਰੱਖਿਆ ਅਹਿਮ ਮਾਪਦੰਡ ਹੋ ਜਾਂਦੀ ਹੈ।

ਭਾਰਤ 'ਚ ਆਈਐੱਸ ਅੱਤਵਾਦੀਆਂ ਦਾ ਖ਼ਤਰਾ

ਅਮਰੀਕੀ ਸੰਸਦ ਮੈਂਬਰ ਫਰਾਂਸਿਸ ਰੂਨੀ ਨੇ ਭਾਰਤ ਅਤੇ ਖ਼ਾਸ ਤੌਰ ਨਾਲ ਜੰਮੂ-ਕਸ਼ਮੀਰ 'ਤੇ ਮੰਡਰਾ ਰਹੇ ਅੱਤਵਾਦੀ ਸੰਗਠਨ ਆਈਐੱਸ ਦੇ ਖ਼ਤਰੇ ਤੋਂ ਚੌਕਸ ਕੀਤਾ ਹੈ। ਉਨ੍ਹਾਂ ਕਿਹਾ ਕਿ ਖ਼ਤਰੇ ਤੋਂ ਬਚਾਅ ਲਈ ਵੱਡੇ ਪੱਧਰ 'ਤੇ ਕਦਮ ਉਠਾਏ ਜਾਣੇ ਚਾਹੀਦੇ ਹਨ। ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਅੱਤਵਾਦ ਖ਼ਿਲਾਫ਼ ਲੜਾਈ ਵਿਚ ਉਹ ਭਾਰਤ ਨੂੰ ਸਮਰਥਨ ਦੇਣ ਵਾਲੇ ਕਦਮ ਉਠਾਉਣ। ਪ੍ਰਤੀਨਿਧੀ ਸਭਾ ਵਿਚ ਭਾਰਤ ਨਾਲ ਅਮਰੀਕਾ ਦੇ ਖ਼ਾਸ ਸਬੰਧਾਂ ਦੀ ਚਰਚਾ ਕਰਦੇ ਹੋਏ ਰੂਨੀ ਨੇ ਦੱਸਿਆ ਹੈ ਕਿ ਉਨ੍ਹਾਂ ਹਾਲ ਹੀ 'ਚ ਭਾਰਤੀ ਰਾਜਦੂਤ ਨਾਲ ਬੈਠਕ ਕਰਕੇ ਬਚਾਅ ਅਤੇ ਸਹਿਯੋਗ ਦੇ ਉਪਾਅ 'ਤੇ ਚਰਚਾ ਕੀਤੀ ਹੈ।