ਮੈਕਸਿਕੋ ਸਿਟੀ, ਏਜੰਸੀਆਂ : ਮੈਕਸਿਕੋ ’ਚ ਸੜਕ ਦੇ ਉਪਰੋਂ ਲੰਘਣ ਵਾਲੀ ਮੈਟਰੋ ਟ੍ਰੇਨ ਦਾ ਪੁਲ਼ ਅਚਾਨਕ ਢਹਿ ਜਾਣ ਕਾਰਨ ਦਰਦਨਾਕ ਹਾਦਸਾ ਹੋ ਗਿਆ। ਇਸ ਘਟਨਾ ’ਚ 20 ਲੋਕਾਂ ਦੀ ਮੌਤ ਹੋ ਗਈ, 70 ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ, ਜਦੋਂ ਇਕ ਮੈਟਰੋ ਟ੍ਰੇਨ ਉੱਪਰੋਂ ਲੰਘ ਰਹੀ ਸੀ। ਦੁਰਘਟਨਾ ’ਚ ਟ੍ਰੇਨ ਦੇ ਡਿੱਬੇ ਪੁਲ਼ ਤੋਂ ਹੇਠਾਂ ਲਟਕ ਗਏ। ਸੜਕ ’ਤੇ ਚੱਲ ਰਹੀਆਂ ਕਾਰਾਂ ਇਸਦੀ ਲਪੇਟ ’ਚ ਆ ਗਈਆਂ। ਸਥਾਨਕ ਚੈਨਲ ਅਤੇ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਵੀ ਆਈ ਹੈ। ਜੋ ਹਾਦਸੇ ਦੀ ਭਿਆਨਕ ਤਸਵੀਰ ਪੇਸ਼ ਕਰ ਰਹੀ ਹੈ। ਰਾਹਤ ਕਾਰਜ ਕਰਨ ਵਾਲੇ ਦਲ ਨੂੰ ਪੋੜੀਆਂ ਲਗਾ ਕੇ ਮੈਟਰੋ ਦੀਆਂ ਬੋਗੀਆਂ ’ਚੋਂ ਮਿ੍ਰਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣਾ ਪਿਆ।

ਮੈਕਸਿਕੋ ਦੀ ਮੇਅਰ ਕਲਾਓਡਿਆ ਸ਼ਿਨਬਾਮ ਨੇ ਦੱਸਿਆ ਕਿ ਕੁਝ ਸਮੇਂ ਤਕ ਰਾਹਤ ਕਾਰਜ ਰੁਕਿਆ ਰਿਹਾ, ਕਿਉਂਕਿ ਟ੍ਰੇਨ ਦੀਆਂ ਬੋਗੀਆਂ ਲਟਕੀਆਂ ਹੋਈਆਂ ਸਨ, ਅਜਿਹੇ ਸਮੇਂ ’ਚ ਮਦਦ ਕਰਨਾ ਖ਼ਤਰਨਾਕ ਹੋ ਸਕਦਾ ਸੀ। ਬਾਅਦ ’ਚ ਕ੍ਰੇਨ ਭੇਜਣ ਤੋਂ ਬਾਅਦ ਹੀ ਰਾਹਤ ਕਾਰਜ ਸ਼ੁਰੂ ਹੋ ਸਕਿਆ। ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਮੈਕਸਿਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਏਬਰਾਰਡ ਨੇ ਹਾਦਸੇ ਨੂੰ ਦੁਖ਼ਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਜਵਾਬਦੇਹੀ ਵੀ ਤੈਅ ਹੋਵੇਗੀ।

ਧਿਆਨ ਰਹੇ ਕਿ ਇਸ ਮੈਟਰੋ ਲਾਈਨ 12 ਦੇ ਨਿਰਮਾਣ ਦੌਰਾਨ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਸੀ। ਪਿਛਲੇ ਸਾਲ ਮਾਰਚ ’ਚ ਵੀ ਇਥੇ ਦੋ ਟ੍ਰੇਨਾਂ ਦੀ ਟੱਕਰ ਹੋਈ ਸੀ, ਜਿਸ ’ਚ ਇਕ ਵਿਅਕਤੀ ਦੀ ਮੌਤ ਤੇ 41 ਲੋਕ ਜ਼ਖ਼ਮੀ ਹੋਏ ਸਨ।

Posted By: Ramanjit Kaur