ਵਾਸ਼ਿੰਗਟਨ, ਏਐੱਨਆਈ : ਅਮਰੀਕਾ ਦੇ ਵਾਸ਼ਿੰਗਟਨ ਡੀਸੀ 'ਚ ਭਾਰਤੀ ਦੂਤਘਰ ਦੇ ਬਾਹਰ ਸਥਿਤ ਮਹਾਤਮਾ ਗਾਂਧੀ ਦਾ ਬੁੱਤ ਕੁਝ ਅਰਾਜਕ ਤੱਤਾਂ ਨੇ ਤੋੜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਮਰੀਕਾ 'ਚ ਇਕ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਤਸ਼ੱਦਦ ਕਾਰਨ ਮੌਤ ਤੋਂ ਬਾਅਦ ਕਈ ਸੂਬਿਆਂ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਡੀਸੀ 'ਚ ਵ੍ਹਾਈਟ ਹਾਊਸ ਦੇ ਨਜ਼ਦੀਕ ਇਕ ਇਤਿਹਾਸਕ ਚਰਚ ਨੂੰ ਵੀ ਅੱਗ ਹਵਾਲੇ ਕਰ ਦਿੱਤਾ ਸੀ।

ਇਸੇ ਦੌਰਾਨ ਭਾਰਤ 'ਚ ਅਮਰੀਕੀ ਰਾਜਦੂਤ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ 'ਤੇ ਮਾਫ਼ੀ ਮੰਗੀ ਹੈ। ਭਾਰਤ 'ਚ ਅਮਰੀਕੀ ਰਾਜਦੂਤ ਕੇਨ ਜਸਟਰ ਨੇ ਕਿਹਾ, ਵਾਸ਼ਿੰਗਟਨ 'ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ 'ਤੇ ਅਸੀ ਮਾਫ਼ੀ ਮੰਗਦੇ ਹਾਂ। ਨਾਲ ਦੀ ਦੁਹਰਾਇਆ ਕਿ ਸਿਆਹਫ਼ਾਮ ਵਿਅਕਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਤੋਂ ਅਸੀਂ ਦੁਖੀ ਹਾਂ। ਅਮਰੀਕਾ ਕਿਸੇ ਤਰ੍ਹਾਂ ਦੇ ਭੇਦਭਾਵ ਨੂੰ ਹੱਲਾਸ਼ੇਰੀ ਨਹੀਂ ਦਿੰਦਾ। ਪ੍ਰਦਰਸ਼ਨ ਰੁਕਣਾ ਚਾਹੀਦਾ ਹੈ।

ਪੁਲਿਸ ਨੇ ਫਿਲਹਾਲ ਸਪੱਸ਼ਟ ਨਹੀਂ ਕੀਤਾ ਹੈ ਕਿ ਮਹਾਤਮਾ ਗਾਂਧੀ ਦਾ ਬੁੱਤ ਤੋੜਨ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਕੁਝ ਅਰਾਜਕ ਤੱਤਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰਨ ਤੋਂ ਬਾਅਦ ਸਚਾਈ ਸਾਹਮਣੇ ਆਵੇਗੀ, ਉਸ ਤੋਂ ਪਹਿਲਾਂ ਕੁਝ ਵੀ ਕਹਿ ਸਕਣਾ ਸੰਭਵ ਨਹੀਂ। ਓਧਰ ਭਾਰਤੀ ਦੂਤਘਰ ਵੱਲੋਂ ਇਸ ਘਟਨਾ ਸਬੰਧੀ ਹੁਣ ਤਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

Posted By: Seema Anand