ਵਾਸ਼ਿੰਗਟਨ (ਆਈਏਐੱਨਐੱਸ) : ਅਫ਼ਗਾਨਿਸਤਾਨ 'ਚ ਅਮਰੀਕਾ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜਾਦ ਨੇ ਦੇਸ਼ ਦੀ ਸੰਸਦ ਨੂੰ ਅੱਤਵਾਦੀ ਜਮਾਤ ਤਾਲਿਬਾਨ ਨਾਲ ਹੋਈ ਗੱਲਬਾਤ ਦਾ ਵੇਰਵਾ ਦਿੱਤਾ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਹਾਲਾਤ ਤੋਂ ਵੀ ਜਾਣੂ ਕਰਵਾਇਆ, ਜਿਨ੍ਹਾਂ ਦੀ ਵਜ੍ਹਾ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੱਲਬਾਤ ਖ਼ਤਮ ਕਰਨੀ ਪਈ।

ਕਰੀਬ ਦੋ ਦਹਾਕਿਆਂ ਤੋਂ ਜੰਗ ਪੀੜਤ ਅਫ਼ਗਾਨਿਸਤਾਨ 'ਚ ਸ਼ਾਂਤੀ ਲਈ ਖਲੀਲਜਾਦ ਨੇ ਪਿਛਲੇ ਇਕ ਸਾਲ ਦੇ ਅੰਦਰ ਕਤਰ ਦੀ ਰਾਜਧਾਨੀ ਦੋਹਾ 'ਚ ਤਾਲਿਬਾਨ ਨਾਲ ਨੌਂ ਵਾਰ ਬੈਠਕ ਕੀਤੀ। ਨੌਵੇਂ ਦੌਰ ਦੀ ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਸਮਝੌਤਾ ਲਗਪਗ ਤੈਅ ਹੈ। ਪਰ ਪੰਜ ਸਤੰਬਰ ਨੂੰ ਕਾਬੁਲ 'ਚ ਤਾਲਿਬਾਨ ਦੇ ਹਮਲੇ 'ਚ ਅਮਰੀਕੀ ਫ਼ੌਜੀ ਸਮੇਤ 12 ਲੋਕਾਂ ਦੀ ਮੌਤ ਤੋਂ ਬਾਅਦ ਟਰੰਪ ਨੇ ਗੱਲਬਾਤ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਸੀ। ਵੀਰਵਾਰ ਨੂੰ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੁਖੀ ਇਲੀਅਟ ਏਂਜੇਲ ਦੇ ਸਵਾਲ 'ਤੇ ਕਾਰਜਕਾਰੀ ਸਹਾਇਕ ਵਿਦੇਸ਼ ਸਕੱਤਰ ਐਲਿਸ ਵੇਲਸ ਨੇ ਕਿਹਾ, 'ਅਸੀਂ ਅਫ਼ਗਾਨਿਸਤਾਨ ਦੇ ਵਿਕਾਸ ਤੇ ਲੰਬੇ ਸਮੇਂ ਦੀ ਸ਼ਾਂਤੀ ਲਈ ਵਚਨਬੱਧ ਹਾਂ। ਪਰ ਏਨੇ ਵੀ ਵਚਨਬੱਧ ਨਹੀਂ ਹਾਂ ਕਿ ਇਕ ਗ਼ਲਤ ਤੇ ਗ਼ੈਰ ਤਾਰਕਿਕ ਸਮਝੌਤੇ ਦਾ ਹਿੱਸਾ ਬਣੀਏ।'