ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰ ਟਰੰਪ ਜੂਨੀਅਰ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਸਮਰਥਨ ਦੇ ਬਲ 'ਤੇ ਆਪਣੇ ਪਿਤਾ ਦੇ ਦੁਬਾਰਾ ਜਿੱਤਣ ਦਾ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਮੁਤਾਬਕ ਫਸਵੀਂ ਟੱਕਰ ਵਾਲੇ ਸੂਬਿਆਂ 'ਚ ਉਨ੍ਹਾਂ ਦੇ ਪਿਤਾ ਨੂੰ ਚੰਗੀ ਬੜ੍ਹਤ ਹਾਸਲ ਹੈ।


ਨਿਊਜ਼ ਵੈੱਬਸਾਈਟ 'ਅਮੇਰਿਕਨ ਗ੍ਰੇਟਨੈੱਸ' ਦੇ ਤਾਜ਼ਾ ਅੰਕ 'ਚ ਲਿਖੇ ਗਏ ਇਕ ਲੇਖ ਦਾ ਹਵਾਲਾ ਦਿੰਦੇ ਹੋਏ ਟਰੰਪ ਜੂਨੀਅਰ ਨੇ ਦਾਅਵਾ ਕੀਤਾ ਕਿ ਇਨ੍ਹਾਂ ਸੂਬਿਆਂ ਵਿਚ ਰਹਿਣ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਦੇ 50 ਫ਼ੀਸਦੀ ਵੋਟਰ ਡੈਮੋਕ੍ਰੇਟਿਕ ਪਾਰਟੀ ਨੂੰ ਛੱਡ ਕੇ ਉਨ੍ਹਾਂ ਦੇ ਪਿਤਾ ਦੇ ਪੱਖ ਵਿਚ ਆ ਰਹੇ ਹਨ। ਇਹ ਲੇਖ ਟਰੰਪ ਸਮੱਰਥਕ ਅਲ ਮੈਸਨ ਨੇ ਲਿਖਿਆ ਹੈ।


ਆਪਣੇ ਪਿਤਾ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਟਰੰਪ ਜੂਨੀਅਰ ਨੇ 2016 'ਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਆਪਣੇ ਪਾਲੇ 'ਚ ਲਿਆਉਣ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਅੱਜ ਵੀ ਕਰ ਰਹੇ ਹਨ। ਜੂਨੀਅਰ ਟਰੰਪ ਨੇ ਟਵੀਟ ਕੀਤਾ ਹੈ ਕਿ ਫਸਵੀਂ ਟੱਕਰ ਵਾਲੇ ਰਾਜ ਉਨ੍ਹਾਂ ਦੇ ਪਿਤਾ ਦੀ ਜਿੱਤ ਨਿਸ਼ਚਿਤ ਕਰ ਸਕਦੇ ਹਨ। ਇਸ ਲੇਖ ਮੁਤਾਬਕ ਆਮ ਤੌਰ 'ਤੇ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਨ ਕਰਨ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਦੇ 50 ਫ਼ੀਸਦੀ ਤੋਂ ਜ਼ਿਆਦਾ ਵੋਟਰ ਇਸ ਵਾਰ ਰਿਪਬਲਿਕਨ ਪਾਰਟੀ ਦੇ ਪੱਖ ਵਿਚ ਨਜ਼ਰ ਆ ਰਹੇ ਹਨ। ਇਸ ਨਾਲ ਫਲੋਰੀਡਾ, ਵਰਜੀਨੀਆ, ਮਿਸ਼ੀਗਨ, ਪੈਨਸਿਲਵੇਨੀਆ ਵਰਗੇ ਰਾਜਾਂ 'ਚ ਟਰੰਪ ਨੂੰ ਚੰਗੀ ਬੜ੍ਹਤ ਮਿਲ ਸਕਦੀ ਹੈ। ਅਮਰੀਕਾ 'ਚ ਕਰੀਬ 40 ਲੱਖ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚੋਂ 25 ਲੱਖ ਵੋਟਰ ਹਨ।


ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਡੋਨਾਲਡ ਟਰੰਪ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਸਖ਼ਤ ਟੱਕਰ ਦੇ ਰਹੇ ਹਨ। ਜ਼ਿਆਦਾਤਰ ਸਰਵੇਖਣਾਂ 'ਚ ਬਿਡੇਨ ਨੂੰ ਕਈ ਅੰਕਾਂ ਦੀ ਬੜ੍ਹਤ ਦਿਖਾਈ ਗਈ ਹੈ।

Posted By: Rajnish Kaur