ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਸਥਿਤ ਕਸ਼ਮੀਰੀ ਭਾਈਚਾਰੇ ਨੇ ਮਨੁੱਖੀ ਅਧਿਕਾਰ ਵਰਕਰ ਸੁਸ਼ੀਲ ਪੰਡਤ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਹੱਤਿਆ ਦੀ ਸਾਜ਼ਿਸ਼ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੰਡਤ ਇਕ ਮਨੁੱਖੀ ਅਧਿਕਾਰ ਵਰਕਰ ਹੋਣ ਦੇ ਨਾਲ ਹਾਈਵ ਕਮਿਊਨੀਕੇਸ਼ਨ ਇੰਡੀਆ ਪ੍ਰਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਪੰਡਤ ਨੂੰ ਮਾਰਨ ਲਈ ਆਏ ਦੋ ਬਦਮਾਸ਼ਾਂ ਨੂੰ ਦਿੱਲੀ ਪੁਲਿਸ ਨੇ ਸ਼ਨਿਚਰਵਾਰ ਨੂੰ ਗਿ੍ਫ਼ਤਾਰ ਕੀਤਾ ਸੀ।

ਇੰਡੋ-ਅਮਰੀਕਨ ਕਸ਼ਮੀਰੀ ਫੋਰਮ (ਆਈਏਕੇਐੱਫ) ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸੁਸ਼ੀਲ ਪੰਡਤ ਨੂੰ ਮਾਰਨ ਲਈ ਆਏ ਦੋ ਲੋਕਾਂ ਦੇ ਫੜੇ ਜਾਣ ਤੋਂ ਇਕ ਵਾਰ ਮੁੜ ਸਾਬਿਤ ਹੋ ਗਿਆ ਹੈ ਕਿ ਭਾਈਚਾਰੇ ਦੇ ਵਿਅਕਤੀਆਂ ਦਾ ਜੀਵਨ ਅਤੇ ਸੁਰੱਖਿਆ ਖ਼ਤਰੇ ਵਿਚ ਹੈ। ਦਿੱਲੀ ਪੁਲਿਸ ਨੇ ਭਾਵੇਂ ਹੀ ਸੁਸ਼ੀਲ ਪੰਡਤ ਦੀ ਹੱਤਿਆ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੋਵੇ ਪ੍ਰੰਤੂ ਇਸ ਨੇ ਇਕ ਵਾਰ ਮੁੜ ਇਹ ਸਾਬਿਤ ਕਰ ਦਿੱਤਾ ਹੈ ਕਿ ਕਸ਼ਮੀਰੀ ਭਾਈਚਾਰੇ ਨਾਲ ਜੁੜੇ ਲੋਕ ਅਜੇ ਵੀ ਸੁਰੱਖਿਅਤ ਨਹੀਂ ਹਨ। ਕਸ਼ਮੀਰੀ ਪੰਡਤਾਂ ਦੀ ਵਾਦੀ ਵਿਚ ਸੁਰੱਖਿਅਤ ਵਾਪਸੀ ਲਈ ਸਾਲ 1991 ਵਿਚ ਆਈਏਕੇਐੱਫ ਦੀ ਸਥਾਪਨਾ ਕੀਤੀ ਗਈ ਸੀ। ਆਈਏਕੇਐੱਫ ਨੇ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਦਿੱਲੀ ਪੁਲਿਸ ਦਾ ਧੰਨਵਾਦ ਕੀਤਾ ਹੈ।