ਵਾਸ਼ਿੰਗਟਨ (ਪੀਟੀਆਈ) : ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਭਾਰਤਵੰਸ਼ੀ ਸੈਨੇਟਰ ਕਮਲਾ ਹੈਰਿਸ ਆਪਣੀ ਸਫਲਤਾ ਦਾ ਸਿਹਰਾ ਮਾਂ ਸ਼ਿਆਮਲਾ ਗੋਪਾਲਨ ਹੈਰਿਸ ਨੂੰ ਦਿੰਦੇ ਹਨ। ਆਪਣੀ ਮਾਂ ਨੂੰ ਸੁਪਰਹੀਰੋ ਦੱਸਦਿਆਂ ਡੈਮੋਯੇਟਿਕ ਸੰਸਦ ਮੈਂਬਰ ਕਹਿੰਦੇ ਹਨ ਕਿ ਮਾਂ ਨੇ ਹੀ ਉਨ੍ਹਾਂ 'ਚ ਜ਼ਿੰਮੇਵਾਰੀ ਦਾ ਅਹਿਸਾਸ ਭਰਿਆ ਜਿਸ ਨਾਲ ਉਨ੍ਹਾਂ ਦਾ ਸਿਆਸੀ ਕਰੀਅਰ ਪ੍ਰੇਰਿਤ ਹੋਇਆ। ਇਸੇ ਹਫ਼ਤੇ ਪ੍ਰਕਾਸ਼ਤ ਆਪਣੀ ਕਿਤਾਬ 'ਦ ਟਰੁੱਥਸ ਵੀ ਹੋਲਡ : ਐਨ ਅਮੈਰਿਕਨ ਜਰਨੀ' ਵਿਚ ਉਨ੍ਹਾਂ ਨੇ ਇਸ ਦਾ ਜ਼ਿਕਰ ਕੀਤਾ ਹੈ।

ਕਮਲਾ (54) ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਹਨ। ਉਨ੍ਹਾਂ ਦੀ ਮਾਂ 19 ਸਾਲ ਦੀ ਉਮਰ 'ਚ ਤਾਮਿਲਨਾਡੂ ਤੋਂ ਪੜ੍ਹਾਈ ਲਈ ਅਮਰੀਕਾ ਆਈ ਸੀ। ਉਨ੍ਹਾਂ ਜਮੈਕਾ 'ਚ ਜਨਮੇ ਅਫ਼ਰੀਕੀ-ਅਮਰੀਕੀ ਡੋਨਾਲਡ ਹੈਰਿਸ ਨਾਲ ਵਿਆਹ ਕੀਤਾ ਸੀ। ਕਮਲਾ ਨੇ ਆਪਣੀ ਕਿਤਾਬ 'ਚ ਲਿਖਿਆ ਹੈ, 'ਇਹ ਮੇਰੀ ਮਾਂ ਸੀ ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਅੱਜ ਇਸ ਮੁਕਾਮ ਤਕ ਪਹੁੰਚੀ ਹਾਂ। ਉਹ ਅਸਾਧਾਰਨ ਸਨ। ਉਨ੍ਹਾਂ ਨੇ ਮੈਨੂੰ ਅੌਕੜਾਂ ਨਾਲ ਲੜਨ ਦੀ ਕਲਾ ਸਿਖਾਈ।'