ਵਾਸ਼ਿੰਗਟਨ (ਆਈਏਐੱਨਐੱਸ) : ਭਾਰਤਵੰਸ਼ੀ ਐੱਮਪੀ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੂੰ ਸਮਰਥਨ ਦੇਣ 'ਤੇ ਵਿਚਾਰ ਕਰ ਰਹੀ ਹੈ। ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਨੇ ਪਿਛਲੇ ਮਹੀਨੇ ਖ਼ੁਦ ਨੂੰ ਉਮੀਦਵਾਰੀ ਦੀ ਦੌੜ ਤੋਂ ਬਾਹਰ ਕਰ ਲਿਆ ਸੀ।

ਡੈਮੋਕ੍ਰੇਟਿਕ ਅਹੁਦੇਦਾਰਾਂ ਨੇ ਸੰਕੇਤ ਦਿੱਤਾ ਹੈ ਕਿ ਕਮਲਾ ਹੈਰਿਸ ਪਾਰਟੀ ਦੇ ਸਭ ਤੋਂ ਕੱਦਾਵਰ ਉਮੀਦਵਾਰ ਜੋ ਬਿਡੇਨ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੀ ਹੈ। ਅਹੁਦੇਦਾਰਾਂ ਦਾ ਹਾਲਾਂਕਿ ਕਹਿਣਾ ਹੈ ਕਿ ਫਿਲਹਾਲ ਸੈਨੇਟ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਜਾਰੀ ਮਹਾਦੋਸ਼ ਦੀ ਪ੍ਰਕਿਰਿਆ ਕਾਰਨ ਕਮਲਾ ਆਪਣੇ ਸਮਰਥਨ ਦਾ ਐਲਾਨ ਨਹੀਂ ਕਰ ਰਹੀ।

ਉਮੀਦਵਾਰੀ ਦੀ ਦੌੜ ਵਿਚ ਕਮਲਾ ਹੈਰਿਸ ਦੇ ਬਾਹਰ ਹੋਣ 'ਤੇ ਜੋ ਬਿਡੇਨ ਨੇ ਉਨ੍ਹਾਂ ਨੂੰ ਸਹਿਯੋਗੀ ਕਹਿ ਕੇ ਸੰਬੋਧਨ ਕੀਤਾ ਸੀ। ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਬਿਡੇਨ ਨੇ ਕਿਹਾ ਸੀ ਕਿ ਕਮਲਾ ਹੈਰਿਸ ਦਮਦਾਰ ਨੇਤਾ ਹੈ ਅਤੇ ਅੱਗੇ ਚੱਲ ਕੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਦੇ ਜੱਜ ਦਾ ਅਹੁਦਾ ਸੰਭਾਲ ਸਕਦੀ ਹੈ। ਜੋ ਬਿਡੇਨ ਨੂੰ ਸਮਰਥਨ ਦੇਣ ਦੀ ਸੰਭਾਵਨਾ 'ਤੇ ਕਮਲਾ ਹੈਰਿਸ ਦੇ ਬੁਲਾਰੇ ਕ੍ਰਿਸ ਨੇ ਹਾਲਾਂਕਿ ਕਿਹਾ ਕਿ ਅਜੇ ਕੁਝ ਵੀ ਸਪੱਸ਼ਟ ਨਹੀਂ ਹੋਇਆ ਹੈ।