ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਅਤੇ ਟੈਸਲਾ ਦੇ ਸੀਈਓ ਐਲਨ ਮਸਕ ਸਮੇਤ ਕਰੀਬ 130 ਦਿੱਗਜਾਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲਿਆਂ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ। ਅਮਰੀਕਾ 'ਚ ਇਸ ਤਰ੍ਹਾਂ ਦੇ ਸਭ ਤੋਂ ਵੱਡੇ ਆਨਲਾਈਨ ਹਮਲੇ 'ਚ ਇਕ ਨਾਬਾਲਗ ਵਿਦਿਆਰਥੀ ਦਾ ਹੱਥ ਪਾਇਆ ਗਿਆ ਹੈ।

ਹਾਈ ਸਕੂਲ 'ਚ ਪੜ੍ਹਨ ਵਾਲੇ ਇਸ ਵਿਦਿਆਰਥੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਟਵਿੱਟਰ ਅਕਾਊਂਟ ਹੈਕਿੰਗ ਦੇ ਮਾਸਟਰਮਾਈਂਡ ਵਜੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਦੇ ਦੋ ਸਾਥੀ ਵੀ ਦੋਸ਼ੀ ਬਣਾਏ ਗਏ ਹਨ। ਇਸ ਸਨਸਨੀਖੇਜ਼ ਹੈਕਿੰਗ ਨੂੰ 15 ਜੁਲਾਈ ਨੂੰ ਅੰਜਾਮ ਦਿੱਤਾ ਗਿਆ ਸੀ। ਬਿਟਕੁਆਇਨ ਨੂੰ ਬੜ੍ਹਾਵਾ ਦੇਣ ਲਈ ਇਨ੍ਹਾਂ ਦਿੱਗਜਾਂ ਦੇ ਸੋਸ਼ਲ ਅਕਾਊਂਟ ਦੀ ਵਰਤੋਂ ਕੀਤੀ ਗਈ ਸੀ। ਵਕੀਲਾਂ ਅਨੁਸਾਰ ਗ੍ਰਾਹਮ ਇਵਾਨ ਕਲਾਰਕ ਨੂੰ ਸ਼ੁੱਕਰਵਾਰ ਨੂੰ ਫਲੋਰੀਡਾ ਦੇ ਟੈਂਪਾ ਸਥਿਤ ਉਸ ਦੇ ਘਰੋਂ ਗਿ੍ਫ਼ਤਾਰ ਕੀਤਾ ਗਿਆ। ਉਸ 'ਤੇ ਧੋਖਾਧੜੀ ਸਮੇਤ 30 ਦੋਸ਼ ਲਗਾਏ ਗਏ ਹਨ। ਉਸ ਦੇ ਨਾਲ ਦੋ ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਬਿ੍ਟੇਨ ਦੇ 19 ਸਾਲਾਂ ਦੇ ਮੇਸਨ ਜਾਨ ਸ਼ੈਫਰਡ ਅਤੇ ਫਲੋਰੀਡਾ ਦੇ 22 ਸਾਲ ਦੇ ਨਿਮਾ ਫਾਜ਼ਲੀ 'ਤੇ ਕਲਾਰਕ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ 'ਚ ਕਿਰਕ ਦੀ ਵਾਸਤਵਿਕ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਖ਼ਸ ਕਲਾਰਕ ਹੈ। ਫਲੋਰੀਡਾ ਦੇ ਅਟਾਰਨੀ ਐਂਡਰਿਊ ਵਾਰੇਨ ਨੇ ਕਿਹਾ ਕਿ ਕਲਾਰਕ ਟਵਿੱਟਰ ਦੇ ਨੈੱਟਵਰਕ 'ਚ ਸੰਨ੍ਹ ਲਗਾਉਣ ਦੇ ਸਮਰੱਥ ਹੈ।