JK Rowling : ਵਾਸ਼ਿੰਗਟਨ, ਆਨਲਾਈਨ ਡੈਸਕ : ਭਾਰਤੀ ਮੂਲ ਦੇ ਮਸ਼ਹੂਰ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ ਤੋਂ ਬਾਅਦ ਹੁਣ ਹੈਰੀ ਪੋਟਰ ਦੀ ਲੇਖਕ ਜੇਕੇ ਰੌਲਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰੋਲਿੰਗ ਨੇ ਟਵਿਟਰ 'ਤੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਸਲਮਾਨ ਰਸ਼ਦੀ 'ਤੇ ਹੋਏ ਹਮਲੇ ਦੀ ਵਿਸ਼ਵ ਭਾਈਚਾਰਾ ਨਿੰਦਾ ਕਰ ਰਿਹਾ ਹੈ। 57 ਸਾਲਾ ਜੇਕੇ ਰੌਲਿੰਗ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਅਤੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹੈ, ਜਿਸ 'ਤੇ ਇਕ ਯੂਜ਼ਰ ਨੇ ਜਵਾਬ ਦਿੱਤਾ, 'ਚਿੰਤਾ ਨਾ ਕਰੋ, ਅਗਲਾ ਨੰਬਰ ਤੁਹਾਡਾ ਹੈ'।

ਜੇਕੇ ਰੌਲਿੰਗ ਨੇ ਯੂਜ਼ਰ ਦਾ ਧਮਕੀ ਭਰਿਆ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਟਵਿਟਰ ਨੂੰ ਪੁੱਛਿਆ, ਕੀ ਇਹ ਤੁਹਾਡੀ ਗਾਈਡਲਾਈਨ ਹੈ? ਤੁਸੀਂ ਕਿਸੇ ਵਿਅਕਤੀ ਜਾਂ ਲੋਕਾਂ ਖਿਲਾਫ਼ ਹਿੰਸਾ ਦੀ ਧਮਕੀ ਨਹੀਂ ਦੇ ਸਕਦੇ। ਅਸੀਂ ਹਿੰਸਾ ਦੀ ਗਲੋਰੀਫਿਕੇਸ਼ਨ 'ਤੇ ਵੀ ਰੋਕ ਲਗਾਉਂਦੇ ਹਾਂ।

ਦੱਸ ਦੇਈਏ ਕਿ ਜਿਸ ਟਵਿਟਰ ਹੈਂਡਲ ਤੋਂ ਰੌਲਿੰਗ ਨੂੰ ਧਮਕੀ ਦਿੱਤੀ ਗਈ ਸੀ, ਉਸੇ ਟਵਿਟਰ ਹੈਂਡਲ ਤੋਂ ਸਲਮਾਨ ਰਸ਼ਦੀ 'ਤੇ ਹਮਲਾ ਕਰਨ ਵਾਲੇ ਵਿਅਕਤੀ ਹਾਦੀ ਮਟਰ ਦੀ ਵੀ ਤਾਰੀਫ ਕੀਤੀ ਗਈ ਹੈ। 12 ਅਗਸਤ ਨੂੰ ਪੱਛਮੀ ਨਿਊਯਾਰਕ ਰਾਜ ਵਿੱਚ ਹਾਦੀ ਨੇ ਰਸ਼ਦੀ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਉਸ ਦੀ ਗਰਦਨ ਤੇ ਅੱਖਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਵੀ ਸ਼ੱਕ ਹੈ ਕਿ ਉਨ੍ਹਾਂ ਦੀ ਇਕ ਅੱਖ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਲਿਆ ਗਿਆ ਹੈ।

Posted By: Seema Anand